ਗੁਰਦੀਪ ਸਿੰਘ ਲਾਲੀ
ਸੰਗਰੂਰ, 26 ਜੂਨ
ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪੁੱਜੇ ਸਰਵ ਸਿੱਖਿਆ ਅਭਿਆਨ ਮਿੱਡ-ਡੇਅ ਮੀਲ ਦਫ਼ਤਰੀ ਕਾਮਿਆਂ ਵੱਲੋਂ ਸੇਵਾਵਾਂ ਰੈਗੂਲਰ ਕਰਾਉਣ ਦੀ ਮੰਗ ਨੂੰ ਲੈ ਕੇ ਕਾਂਗਰਸ ਸਰਕਾਰ ਦੇ ਵਾਅਦਿਆਂ ਦੀ ਪੋਲ ਖੋਲ੍ਹਣ ਲਈ ਸ਼ਹਿਰ ਵਿੱਚ ਅਨੋਖੇ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਸੈਂਕੜੇ ਕਾਮਿਆਂ ਦੇ ਹੱਥਾਂ ਵਿੱਚ ਰੰਗ-ਬਿਰੰਗੇ ਗੁਬਾਰੇ ਫੜੇ ਹੋਏ ਸਨ, ਜਿਨ੍ਹਾਂ ’ਤੇ ਸਰਕਾਰ ਵੱਲੋਂ ਕੀਤੇ ਵਾਅਦੇ ਅਤੇ ਵੱਖ-ਵੱਖ ਨਾਅਰੇ ਲਿਖੇ ਹੋਏ ਸਨ। ਰੋਸ ਮਾਰਚ ਦੌਰਾਨ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਸਰਕਾਰ ਦੇ ਵਾਅਦੇ ਇਨ੍ਹਾਂ ਗੁਬਾਰਿਆਂ ਵਾਂਗ ਹਵਾ ਹੋ ਗਏ ਹਨ। ਪ੍ਰਦਰਸ਼ਨਕਾਰੀ ਇਸ ਗੱਲੋਂ ਖਫ਼ਾ ਸਨ ਕਿ ਸੰਨ 2018 ਵਿਚ ਸਰਵ ਸਿੱਖਿਆ ਅਭਿਆਨ ਤਹਿਤ ਅਧਿਆਪਕਾਂ ਦੀਆਂ ਸੇਵਾਵਾਂ ਤਾਂ ਰੈਗੂਲਰ ਕਰ ਦਿੱਤੀਆਂ, ਪਰ ਦਫ਼ਤਰੀ ਕਾਮਿਆਂ ਨੂੰ ਸਰਕਾਰ ਹੁਣ ਤੱਕ ਲਾਰੇ ਹੀ ਲਾਉਂਦੀ ਆ ਰਹੀ ਹੈ।
ਵੱਖ-ਵੱਖ ਜ਼ਿਲ੍ਹਿਆਂ ਤੋਂ ਸਰਵ ਸਿੱਖਿਆ ਅਭਿਆਨ ਮਿੱਡ-ਡੇਅ ਮੀਲ ਦਫ਼ਤਰੀ ਕਾਮੇ ਸਥਾਨਕ ਬੀਐੱਸਐੱਨਐੱਲ ਪਾਰਕ ਵਿੱਚ ਇਕੱਠੇ ਹੋਏ, ਜਿਥੋਂ ਰੰਗ-ਬਿਰੰਗੇ ਨਾਅਰਿਆਂ ਵਾਲੇ ਗੁਬਾਰਿਆਂ ਨੂੰ ਹੱਥਾਂ ਵਿੱਚ ਫੜ ਕੇ ਸ਼ਹਿਰ ’ਚ ਰੋਸ ਮਾਰਚ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਉਹ ਸਿੱਖਿਆ ਮੰਤਰੀ ਦੇ ਸ਼ਹਿਰ ਵਿੱਚ ਪੰਜਾਬ ਸਰਕਾਰ ਦੇ ਝੂਠੇ ਵਾਅਦਿਆਂ ਤੋਂ ਲੋਕਾਂ ਨੂੰ ਬਚਣ ਦੀ ਅਪੀਲ ਕਰਨ ਪੁੱਜੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਦਫ਼ਤਰੀ ਕਾਮਿਆਂ ਦੀਆਂ ਸੇਵਾਵਾਂ ਰੈਗੂਲਰ ਤਾਂ ਕੀ ਕਰਨੀਆਂ ਸਨ, ਸਗੋਂ ਤਨਖ਼ਾਹਾਂ ਵਿੱਚ ਹੀ ਕਟੌਤੀ ਕਰ ਦਿੱਤੀ ਗਈ ਹੈ ਅਤੇ ਦੂਰ-ਦੁਰਾਡੇ ਬਦਲੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਐਲਾਨ ਕੀਤਾ ਕਿ ਦਫ਼ਤਰੀ ਕਾਮੇ ਅਗਲੇ ਦਿਨਾਂ ’ਚ ਮੁੱਖ ਮੰਤਰੀ ਪੰਜਾਬ ਦੇ ਚੰਡੀਗੜ੍ਹ ਸਥਿਤ ਨਿਵਾਸ ਵੱਲ ਕੂਚ ਕਰਨਗੇ। ਦਫ਼ਤਰੀ ਕਾਮੇ ਜਦੋਂ ਰੈਸਟ ਹਾਊਸ ਅੱਗੇ ਪੁੱਜੇ ਤਾਂ ਪ੍ਰਸ਼ਾਸ਼ਨ ਵੱਲੋਂ ਤਹਿਸੀਲਦਾਰ ਅਤੇ ਡੀਐੱਸਪੀ ਨੇ ਮੰਗ ਪੱਤਰ ਲਿਆ ਅਤੇ ਹਫ਼ਤੇ ਦੇ ਅੰਦਰ ਸਿੱਖਿਆ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ।