ਗੁਰਦੀਪ ਸਿੰਘ ਲਾਲੀ
ਸੰਗਰੂਰ, 1 ਅਗਸਤ
ਲਾਲ ਝੰਡਾ ਮਿੱਡ-ਡੇਅ ਮੀਲ ਵਰਕਰਜ਼ ਯੂਨੀਅਨ ਦੀ ਅਗਵਾਈ ਹੇਠ ਸੈਂਕੜੇ ਮਿੱਡ-ਡੇਅ ਮੀਲ ਵਰਕਰਾਂ ਨੇ ਮੰਗਾਂ ਸਬੰਧੀ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਗਿਆ ਅਤੇ ਰੈਸਟ ਹਾਊਸ ਅੱਗੇ ਰੋਸ ਧਰਨਾ ਦਿੰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਯੂਨੀਅਨ ਨੇ ਹਰ ਐਤਵਾਰ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦਾ ਐਲਾਨ ਕੀਤਾ।
ਯੂਨੀਅਨ ਦੀ ਅਗਵਾਈ ਹੇਠ ਜ਼ਿਲ੍ਹੇ ਭਰ ਦੀਆਂ ਮਿੱਡ-ਡੇਅ ਮੀਲ ਵਰਕਰਾਂ ਨੇ ਹਾਊਸਿੰਗ ਬੋਰਡ ਕਲੋਨੀ ਨੇੜੇ ਵਾਟਰ ਵਰਕਸ ਕੋਲ ਇਕੱਠੇ ਹੋ ਕੇ ਰੋਸ ਰੈਲੀ ਕੀਤੀ। ਇਸ ਮਗਰੋਂ ਰੋਸ ਮਾਰਚ ਕਰਦੀਆਂ ਵਰਕਰਾਂ ਸਥਾਨਕ ਰੈਸਟ ਹਾਊਸ ਅੱਗੇ ਪੁੱਜੀਆਂ, ਜਿਥੇ ਰੋਸ ਧਰਨਾ ਦਿੰਦਿਆਂ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਜਸਮੇਲ ਕੌਰ ਬੀਰ ਕਲਾਂ, ਸੀਟੀਯੂ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਦੇਵ ਰਾਜ ਵਰਮਾ, ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਵੜੈਚ ਅਤੇ ਮੱਖਣ ਸਿੰਘ ਜਖੇਪਲ ਨੇ ਵਿਭਾਗ ਵੱਲੋਂ ਮਿੱਡ-ਡੇਅ ਮੀਲ ਵਰਕਰਾਂ ਤੋਂ ਵਾਧੂ ਕੰਮ ਲੈਣ ਅਤੇ ਪੂਰਾ ਸਮਾਂ ਸਕੂਲ ਵਿੱਚ ਹਾਜ਼ਰ ਰਹਿਣ ਬਾਰੇ ਜਾਰੀ ਕੀਤੇ ਪੱਤਰ ਦੀ ਨਿਖੇਧੀ ਕਰਦਿਆਂ ਇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਉਨ੍ਹਾਂ ਮੰਗ ਕੀਤੀ ਕਿ ਮਿੱਡ-ਡੇਅ ਮੀਲ ਵਰਕਰਾਂ ਨੂੰ ਘੱਟੋ-ਘੱਟ ਉਜਰਤ 21 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤੀ ਜਾਵੇ, ਬੀਮਾ ਸਕੀਮ ਲਾਗੂ ਕੀਤੀ ਜਾਵੇ, 12ਵੀਂ ਕਲਾਸ ਤੱਕ ਮਿੱਡ-ਡੇਅ ਮੀਲ ਸਕੀਮ ਲਾਗੂ ਕੀਤੀ ਜਾਵੇ, ਵਰਕਰਾਂ ਨੂੰ ਪ੍ਰਸੂਤਾ ਛੁੱਟੀ ਦਿੱਤੀ ਜਾਵੇ, ਵਰਕਰਾਂ ਨੂੰ ਦਰਜਾ ਚਾਰ ਕਰਮਚਾਰੀ ਵਜੋਂ ਮਾਨਤਾ ਦਿੱਤੀ ਜਾਵੇ, ਖੁਰਾਕ ਲਈ ਘੱਟੋ ਘੱਟ 50/-ਰੁਪਏ ਪ੍ਰਤੀ ਵਿਦਿਆਰਥੀ ਦੇ ਹਿਸਾਬ ਨਾਲ ਦੇਣ ਦਾ ਪ੍ਰਬੰਧ ਕੀਤਾ ਜਾਵੇ। ਧਰਨੇ ਦੌਰਾਨ ਡਿਊਟੀ ਮੈਜਿਸਟ੍ਰੇਟ ਨੇ ਮੰਗ ਪੱਤਰ ਲਿਆ ਤੇ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ।