ਟ੍ਰਿਬਿਊਨ ਨਿਊਜ਼ ਸਰਵਿਸ
ਕੋਟਕਪੂਰਾ, 14 ਅਗਸਤ
ਯੂਥ ਅਕਾਲੀ ਦਲ ਦੇ ਆਗੂ ਵਿੱਕੀ ਮਿੱਡੂਖੇੜਾ ਦੇ ਕਤਲ ਕਾਂਡ ਵਿੱਚ ਮੁਹਾਲੀ ਪੁਲੀਸ ਵਿਨੈ ਦਿਓੜਾ ਦੀ ਭਾਲ ਕਰ ਰਹੀ ਹੈ। ਇਸ ਸਬੰਧੀ ਵਿਨੈ ਦੇ ਮਾਤਾ-ਪਿਤਾ ਨੇ ਮੁਹਾਲੀ ਪੁਲੀਸ ਨੂੰ ਕਟਹਿਰੇ ਵਿੱਚ ਖੜ੍ਹਾ ਕਰਦਿਆਂ ਐੱਸਐੱਸਪੀ ਸਤਿੰਦਰ ਸਿੰਘ ’ਤੇ ਵਿਨੈ ਨੂੰ ਬਿਨਾਂ ਕਸੂਰ ਤੋਂ ਫਸਾਉਣ ਦੇ ਦੋਸ਼ ਲਾਏ ਹਨ।
ਉਨ੍ਹਾਂ ਕਿਹਾ ਕਿ ਮੁਹਾਲੀ ਪੁਲੀਸ ਨੇ ਕੁੱਝ ਦਿਨ ਪਹਿਲਾਂ ਉਨ੍ਹਾਂ ਦੇ ਘਰ ਦੀ ਜਾਂਚ ਵੀ ਕੀਤੀ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੇ ਪੁੱਤਰ ਨੂੰ ਪੁਲੀਸ ਤੋਂ ਬਚਾਵੇ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਮੁਹਾਲੀ ਵਿੱਚ ਯੂਥ ਅਕਾਲੀ ਆਗੂ ਵਿਰਕਮਜੀਤ ਸਿੰਘ ‘ਵਿੱਕੀ ਮਿੱਡੂਖੇੜਾ’ ਦੀ ਅਣਪਛਾਤਿਆਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸੇ ਦਿਨ ਪੰਜਾਬ ਦੇ ਇੱਕ ਗੈਂਗਸਟਰ ਗਰੁੱਪ ਨੇ ਸੋਸ਼ਲ ਮੀਡੀਆ ’ਤੇ ਇਸ ਕਤਲ ਦੀ ਜ਼ਿੰਮੇਵਾਰੀ ਲਈ। ਇਸ ਪਿੱਛੋਂ ਮਾਲਵਾ ਪੱਟੀ ਦੇ ਸ਼ਹਿਰ ਕੋਟਕਪੂਰੇ ਦੇ ਵਸਨੀਕ ਵਿਨੈ ਦਿਓੜਾ ਦਾ ਨਾਂ ਇਸ ਮਾਮਲੇ ਨਾਲ ਜੁੜਿਆ, ਜਿਸ ਖ਼ਿਲਾਫ਼ ਪਹਿਲਾਂ ਵੀ ਫ਼ੌਜਦਾਰੀ ਕੇਸ ਦਰਜ ਹਨ।
ਪਰਿਵਾਰ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਉਸ ਨੂੰ ਸੀਆਈਏ ਸਟਾਫ ਫ਼ਰੀਦਕੋਟ ਨੇ ਐੱਨਡੀਪੀਐੱਸ ਐਕਟ ਦੇ ਝੂਠੇ ਕੇਸ ਵਿਚ ਫਸਾਇਆ ਗਿਆ। ਉਹ ਹਾਲੇ ਚਾਰ ਸਾਲ ਦੀ ਸਜ਼ਾ ਕੱਟ ਹੀ ਰਿਹਾ ਸੀ ਕਿ ਉਸ ਨੂੰ ਨਾਜਾਇਜ਼ ਅਸਲੇ ਸਮੇਤ ਹੋਰ ਕੇਸਾਂ ਵਿਚ ਫਸਾ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਵਿਨੈ ਬੇਕਸੂਰ ਹੈ। ਇਸ ਬਾਰੇ ਮੁਹਾਲੀ ਦੇ ਐੱਸਐੱਸਪੀ ਸਤਿੰਦਰ ਸਿੰਘ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।