ਮਹਿੰਦਰ ਸਿੰਘ ਰੱਤੀਆਂ
ਮੋਗਾ, 23 ਜਨਵਰੀ
ਅਦਾਕਾਰ ਸੋਨੂ ਸੂਦ ਦੀ ਭੈਣ ਮਾਲਵਿਕਾ ਸੂਦ ਸੱਚਰ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਸਥਾਨਕ ਬੱਸ ਅੱਡੇ ਤੋਂ ਡੰਡੌਤ ਕਰਦੇ ਮੁਰਾਦਾਬਾਦ ਤੇ ਸਿਰਸਾ ਵਾਸੀ ਪਰਵਾਸੀ ਮਜ਼ਦੂਰ ਉਨ੍ਹਾਂ ਦੇ ਘਰ ਪੁੱਜੇ।
ਇਸ ਮੌਕੇ ਅਦਾਕਾਰ ਸੋਨੂ ਸੂਦ ਤੇ ਉਨ੍ਹਾਂ ਦੀ ਭੈਣ ਮਾਲਵਿਕਾ ਸੂਦ ਨੇ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਆਖਿਆ ਕਿ ਅਦਾਕਾਰ ਸੋਨੂ ਗਰੀਬਾਂ ਦੇ ਮਸੀਹਾ ਹਨ, ਉਨ੍ਹਾਂ ਦੀ ਇੱਥੇ ਵੋਟ ਨਹੀਂ ਪਰ ਉਹ ਆਸ਼ੀਰਵਾਦ ਦੇਣ ਲਈ ਪੁੱਜੇ ਹਨ। ਉਨ੍ਹਾਂ ਦੱਸਿਆ ਕਿ ਉਹ ਪਹਿਲਾਂ ਵੀ ਮੁੰਬਈ ਵਿੱਚ 21 ਕਿਲੋਮੀਟਰ ਡੰਡੌਤ ਕਰਕੇ ਸੋਨੂ ਸੂਦ ਨੂੰ ਮਿਲ ਚੁੱਕੇ ਹਨ। ਪਰਵਾਸੀ ਮਜ਼ਦੂਰਾਂ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਸੋਨੂ ਸੂਦ ਮੋਗਾ ਸ਼ਹਿਰ ਵਿੱਚ ਹੈ, ਇਸ ਲਈ ਉਨ੍ਹਾਂ ਦਾ ਧੰਨਵਾਦ ਕਰਨ ਅਤੇ ਵਿਧਾਨ ਸਭਾ ਚੋਣ ਲੜ ਰਹੀ ਉਨ੍ਹਾਂ ਦੀ ਭੈਣ ਮਾਲਵਿਕਾ ਸੂਦ ਨੂੰ ਆਸ਼ੀਰਵਾਦ ਦੇਣ ਇੱਥੇ ਆਏ ਹਨ।
ਸੋਨੂੰ ਸੂਦ ਪਰਵਾਸੀ ਮਜ਼ਦੂਰਾਂ ਨੂੰ ਮਿਲ ਕੇ ਅਤੇ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਬਹੁਤ ਭਾਵੁਕ ਹੋਏ। ਉਨ੍ਹਾਂ ਦੀ ਭੈਣ ਮਾਲਵਿਕਾ ਸੂਦ ਮੋਗਾ ਹਲਕੇ ਤੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਦੀ ਉਮੀਦਵਾਰ ਹੈ। ਚੋਣਾਂ ਲਈ ਆਸ਼ੀਰਵਾਦ ਮਿਲਣ ਮਗਰੋਂ ਮਾਲਵਿਕਾ ਸੂਦ ਨੇ ਪਰਵਾਸੀ ਮਜ਼ਦੂਰਾਂ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਸੋਨੂ ਸੂਦ ਨੇ ਕਰੋਨਾ ਕਾਲ ’ਚ ਲੱਗੇ ਲੌਕਡਾਊਨ ਦੌਰਾਨ ਕਈ ਪਰਵਾਸੀ ਮਜ਼ਦੂਰਾਂ ਅਤੇ ਲੋੜਵੰਦਾਂ ਦੀ ਮਦਦ ਕੀਤੀ ਸੀ।