ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 30 ਅਕਤੂਬਰ
ਸਰਦੀ ਦੀ ਸ਼ੁਰੂਆਤ ਦੇ ਨਾਲ ਹੀ ਹਰੀਕੇ ਜਲਗਾਹ ਵਿੱਚ ਪਰਵਾਸੀ ਪੰਛੀਆਂ ਦੀ ਆਮਦ ਸ਼ੁਰੂ ਹੋ ਗਈ ਹੈ। ਇਹ ਪੰਛੀ ਸਾਇਬੇਰੀਆ, ਯੂਰੋਪ, ਕਜ਼ਾਖਸਤਾਨ ਅਤੇ ਹੋਰ ਘੱਟ ਤਾਪਮਾਨ ਵਾਲੇ ਖੇਤਰਾਂ ਤੋਂ ਇੱਥੇ ਪੁੱਜੇ ਹਨ। ਇਸ ਸਾਲ ਸਰਦੀ ਨੇ ਕੁਝ ਸਮਾਂ ਪਹਿਲਾਂ ਹੀ ਦਸਤਕ ਦੇ ਦਿੱਤੀ ਹੈ, ਜਿਸ ਕਾਰਨ ਹਰੀਕੇ ਜਲਗਾਹ ਵਿੱਚ ਵੀ ਵੱਖ ਵੱਖ ਤਰ੍ਹਾਂ ਦੇ ਪੰਛੀ ਦਿਖਾਈ ਦੇਣ ਲੱਗ ਪਏ ਹਨ। ਹਰੀਕੇ ਜਲਗਾਹ ਤਰਨਤਾਰਨ ਜ਼ਿਲ੍ਹੇ ਵਿੱਚ ਹੈ ਅਤੇ ਇਸ ਨੂੰ ਦੇਸ਼ ਦੀ ਦੂਜੀ ਵੱਡੀ ਜਲਗਾਹ ਦਾ ਦਰਜਾ ਪ੍ਰਾਪਤ ਹੈ। ਮਹਿਮਾਨ ਪੰਛੀਆਂ ਦੀ ਆਮਦ ਨਾਲ ਇੱਥੇ ਰੌਣਕ ਵਧ ਗਈ ਹੈ। ਜੰਗਲੀ ਜੀਵ ਅਤੇ ਜੰਗਲਾਤ ਵਿਭਾਗ, ਜੋ ਇੱਥੇ ਲੋੜੀਂਦੇ ਪ੍ਰਬੰਧ ਅਤੇ ਨਿਗਰਾਨੀ ਕਰਦਾ ਹੈ, ਵੱਲੋਂ ਵੀ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ।
ਡਬਲਯੂ.ਡਬਲਯੂ.ਐੱਫ. ਦੀ ਖੋਜਕਰਤਾ ਗੀਤਾਂਜਲੀ ਕੰਵਰ ਨੇ ਦੱਸਿਆ ਕਿ ਸਰਦੀ ਦੀ ਆਮਦ ਦੇ ਨਾਲ ਹੀ ਇਹ ਪਰਵਾਸੀ ਮਹਿਮਾਨ ਪੰਛੀ ਇੱਥੇ ਆਉਣੇ ਸ਼ੁਰੂ ਹੋ ਗਏ ਹਨ, ਜਿਨ੍ਹਾਂ ਦੀ ਆਮਦ ਦਸੰਬਰ ਮਹੀਨੇ ਤਕ ਚੱਲਦੀ ਰਹੇਗੀ। ਇਹ ਪਰਵਾਸੀ ਪੰਛੀ ਅਕਤੂਬਰ ਮਹੀਨੇ, ਜਦੋਂ ਹੋਰ ਮੁਲਕਾਂ ਵਿਚ ਤਾਪਮਾਨ ਹੇਠਾਂ ਚਲਾ ਜਾਂਦਾ ਹੈ ਅਤੇ ਝੀਲਾਂ ਤੇ ਨਦੀਆਂ ਜੰਮ ਜਾਂਦੀਆਂ ਹਨ ਤਾਂ ਭਾਰਤ ਦੀਆਂ ਜਲਗਾਹਾਂ ਵੱਲ ਵਹੀਰਾਂ ਘੱਤ ਲੈਂਦੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤਕ ਇੱਥੇ ਸੁਰਖਾਬ, ਕਲਗੀਧਰ ਡੁਬਕਨੀ, ਬੇਲਚੀ, ਕਾਲੇ ਅਤੇ ਭੂਰੇ ਸਿਰ ਵਾਲੇ ਡੂਮਰੇ, ਮੱਛੀਮਾਰ ਬਾਜ, ਬਹਿਰੀ ਬਾਜ ਅਤੇ ਸ਼ੰਭੀ ਕਿਰਲਾ ਬਾਜ, ਡੋਈ, ਗੈਡਵਾਲ ਆਏ ਹਨ। ਆਉਂਦੇ ਦਿਨਾਂ ਵਿਚ ਜਲਗਾਹਾਂ ਵਿੱਚ ਰਹਿਣ ਵਾਲੇ ਹੋਰ ਵੀ ਕਈ ਪੰਛੀ ਇੱਥੇ ਪੁੱਜਣਗੇ। ਇਸ ਜਲਗਾਹ ਵਿਚ ਹਰ ਵਰ੍ਹੇ 92 ਤੋਂ 95 ਹਜ਼ਾਰ ਪਰਵਾਸੀ ਪੰਛੀ ਪੁੱਜਦੇ ਹਨ, ਜਿਨ੍ਹਾਂ ਵਿੱਚ ਵੱਖ-ਵੱਖ ਮੁਲਕਾਂ ਤੋਂ ਇਲਾਵਾ ਲੱਦਾਖ ਖੇਤਰ ਨਾਲ ਸਬੰਧਤ ਘੱਟ ਤਾਪਮਾਨ ਵਾਲੇ ਖੇਤਰ ਦੇ ਪੰਛੀ ਵੀ ਸ਼ਾਮਲ ਹੁੰਦੇ ਹਨ।