ਚੰਡੀਗੜ੍ਹ, 18 ਜਨਵਰੀ
ਪੰਜਾਬ ਤੇ ਹਰਿਆਣਾ ’ਚ ਕਈ ਥਾਵਾਂ ’ਤੇ ਅੱਜ ਘੱਟ ਤੋਂ ਘੱਟ ਤਾਪਮਾਨ ’ਚ ਮਾਮੂਲੀ ਵਾਧਾ ਹੋਣ ਨਾਲ ਲੋਕਾਂ ਨੂੰ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਕੜਾਕੇ ਦੀ ਠੰਢ ਤੋਂ ਮਾਮੂਲੀ ਰਾਹਤ ਮਿਲੀ ਹੈ।
ਮੌਸਮ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਦੋਵਾਂ ਸੂਬਿਆਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ’ਚ ਘੱਟੋ ਘੱਟ ਤਾਪਮਾਨ ਆਮ ਨਾਲੋਂ ਦੋ ਡਿਗਰੀ ਵੱਧ 7.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਦੇ ਪਟਿਆਲਾ ’ਚ ਘੱਟੋ ਘੱਟ ਤਾਪਮਾਨ ਆਮ ਨਾਲੋਂ ਚਾਰ ਡਿਗਰੀ ਵੱਧ 10.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉੱਥੇ ਹਲਵਾਰਾ, ਬਠਿੰਡਾ ਤੇ ਗੁਰਦਾਸਪੁਰ ’ਚ ਘੱਟੋ ਘੱਟ ਤਾਪਮਾਨ ਕ੍ਰਮਵਾਰ 9.6, 7.8 ਅਤੇ 8.3 ਡਿਗਰੀ ਦਰਜ ਕੀਤਾ ਗਿਆ ਹੈ। ਅੰਮ੍ਰਿਤਸਰ ਵਿੱਚ ਘੱਟੋ ਘੱਟ ਤਾਪਮਾਨ 5.2 ਅਤੇ ਲੁਧਿਆਣਾ ’ਚ 5.5 ਡਿਗਰੀ ਰਿਹਾ। ਹਰਿਆਣਾ ਦੇ ਕਰਨਾਲ ’ਚ ਘੱਟੋ ਘੱਟ ਤਾਪਮਾਨ ਆਮ ਨਾਲੋਂ ਤਿੰਨ ਡਿਗਰੀ ਵੱਧ 10.4 ਡਿਗਰੀ ਸੈਲਸੀਅਸ ਰਿਹਾ। ਇਸੇ ਤਰ੍ਹਾਂ ਅੰਬਾਲਾ ’ਚ 7.5, ਰੋਹਤਕ ’ਚ 9, ਭਿਵਾਨੀ ’ਚ 8.1 ਅਤੇ ਸਿਰਸਾ ’ਚ 9.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਨ੍ਹਾਂ ਸ਼ਹਿਰਾਂ ’ਚ ਅੱਜ ਧੁੰਦ ਕਾਰਨ ਆਵਾਜਾਈ ਵੀ ਪ੍ਰਭਾਵਿਤ ਰਹੀ। ਇਸੇ ਤਰ੍ਹਾਂ ਦਿੱਲੀ ’ਚ ਵੀ ਘੱਟੋ ਘੱਟ ਤਾਪਮਾਨ (9 ਡਿਗਰੀ) ਆਮ ਨਾਲੋਂ ਦੋ ਡਿਗਰੀ ਵੱਧ ਦਰਜ ਕੀਤਾ ਗਿਆ। -ਪੀਟੀਆਈ
ਕਸ਼ਮੀਰ ਵਿੱਚ ਠੰਢ ਤੋਂ ਰਾਹਤ ਨਹੀਂ
ਸ੍ਰੀਨਗਰ: ਕਸ਼ਮੀਰ ਦੀਆਂ ਜ਼ਿਆਦਾਤਰ ਥਾਵਾਂ ’ਤੇ ਘੱਟੋ ਘੱਟ ਤਾਪਮਾਨ ’ਚ ਵਾਧਾ ਦਰਜ ਕੀਤਾ ਗਿਆ ਹੈ ਪਰ ਲੋਕਾਂ ਨੂੰ ਸੀਤ ਲਹਿਰ ਤੋਂ ਰਾਹਤ ਨਹੀਂ ਮਿਲੀ ਕਿਉਂਕਿ ਘਾਟੀ ’ਚ ਪਾਰਾ ਮਨਫੀ ਤੋਂ ਕਈ ਡਿਗਰੀ ਹੇਠਾਂ ਚੱਲ ਰਿਹਾ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਭਿਅੰਕਰ ਠੰਢ ਕਾਰਨ ਡਲ ਝੀਲ ਸਮੇਤ ਇੱਥੇ ਕਈ ਇਲਾਕਿਆਂ ’ਚ ਪਾਣੀ ਦੇ ਸੋਮੇ ਜੰਮ ਰਹੇ ਹਨ। ਰਾਤ ਨੂੰ ਅਜੇ ਵੀ ਤਾਪਮਾਨ ਮਨਫੀ ਤੋਂ ਕਈ ਡਿਗਰੀ ਹੇਠਾਂ ਦਰਜ ਕੀਤਾ ਜਾ ਰਿਹਾ ਹੈ। -ਪੀਟੀਆਈ