ਆਤਿਸ਼ ਗੁਰਤਾ
ਚੰਡੀਗੜ੍ਹ, 19 ਦਸੰਬਰ
ਭਾਰਤ ਵਿਸ਼ਵ ਬਾਜ਼ਾਰ ਵਿੱਚ ਰੱਖਿਆ ਉਪਕਰਣਾਂ ਦੇ ਸਭ ਤੋਂ ਵੱਡੇ ਖਰੀਦਦਾਰਾਂ ਵਿਚੋਂ ਇਕ ਹੈ। ਜੋ ਕਿ ‘ਮੇਕ ਇਨ ਇੰਡੀਆ’ ਦੇ ਉਲਟ ਰੱਖਿਆ ਉਪਕਰਣ ਖੁਦ ਬਣਾਉਣ ਦੀ ਥਾਂ ਅੱਜ ਵੀ ਵਿਸ਼ਵ ਬਾਜ਼ਾਰ ਵਿੱਚੋਂ ਖਰੀਦ ਰਿਹਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਮਿਲਟਰੀ ਲਿਟਰੇਚਰ ਫੈਸਟੀਵਲ-2020 ਦੇ ਦੂਜੇ ਦਿਨ ‘ਰੱਖਿਆ ਤਿਆਰੀਆਂ ਪ੍ਰਤੀ ਸਵੈ-ਨਿਰਭਰਤਾ’ ਵਿਸ਼ੇ ’ਤੇ ਐਮਵੀ ਕੋਤਵਾਲ, ਮੈਂਬਰ ਐਲ ਐਂਡ ਟੀ ਬੋਰਡ, ਪ੍ਰਮੁੱਖ ਐਂਕਰ ਅਤੇ ਐਡੀਟਰ ਐਨਡੀਟੀਵੀ ਵਿਸ਼ਨੂੰ ਸੋਮ, ਪੱਤਰਕਾਰ ਰਾਹੁਲ ਬੇਦੀ, ਬ੍ਰਿਗੇਡੀਅਰ ਸੁਰੇਸ਼ ਗੰਗਾਧਰਨ, ਸੰਸਦ ਮੈਂਬਰ ਰਾਜੀਵ ਚੰਦਰਸ਼ੇਖਰ ਅਤੇ ਕਾਰਪੋਰੇਟ ਸੈਕਟਰ ਤੋਂ ਹਰਪਾਲ ਸਿੰਘ ਨੇ ਵਿਚਾਰ ਚਰਚਾ ਕਰਦਿਆਂ ਕੀਤਾ ਹੈ। ਐਮ.ਵੀ. ਕੋਤਵਾਲ ਨੇ ਕਿਹਾ ਕਿ ਤਕਨਾਲੋਜੀ ਦੇ ਹਰ ਹਿੱਸੇ ਨੂੰ ਸਵਦੇਸ਼ੀ ਰੂਪ ਨਾਲ ਬਣਾਉਣ ਵਿੱਚ ਕੋਈ ਸਿਆਣਪ ਨਹੀਂ ਹੈ ਪਰ ਦੇਸ਼ ਨੂੰ ਰਣਨੀਤਿਕ ਤੌਰ ’ਤੇ ਮਹੱਤਵਪੂਰਨ ਹਿੱਸੇ ਨੂੰ ਤਰਜੀਹ ਦੇਣੀ ਚਾਹੀਦੀ ਹੈ।
ਫੌਜੀ ਅਭਿਆਸਾਂ ਅਤੇ ਚੀਨ ਦੀਆਂ ਨਿਵੇਕਲੀਆਂ ਚੁਣੌਤੀਆਂ ਨੂੰ ਦਰਸਾਉਂਦਿਆਂ, ਸੁਰੱਖਿਆ ਅਤੇ ਵਿਦੇਸੀ ਮਾਹਰਾਂ ਨੇ ਸੁਝਾਅ ਦਿੱਤਾ ਕਿ ਭਾਰਤ ਨੂੰ ਕੁਆਡ ਵਰਗੀ ਮੁੱਦੇ ’ਤੇ ਆਧਾਰਿਤ ਭੂ-ਰਣਨੀਤਕ ਬਹੁਪੱਖੀ ਸਾਂਝੇਦਾਰੀ ਬਣਾਉਣ ਲਈ ਇਕ ਵਧੇਰੇ ਹਮਲਾਵਰ ਪਹੁੰਚ ਅਪਣਾਉਣੀ ਚਾਹੀਦੀ ਹੈ ਤਾਂ ਜੋ ਚੀਨ ਦੇ ਘਟੀਆ ਮਨਸੂਬਿਆਂ ਨੂੰ ਠੱਲਣ ਲਈ ਭਾਰਤ ਆਪਣੀ ਪੂਰੀ ਸਮਰੱਥਾ ਦੀ ਵਰਤੋਂ ਕਰ ਸਕੇ। ਇਹ ਸੁਝਾਅ ਸਾਬਕਾ ਜਲ ਸੈਨਾ ਦੇ ਚੀਫ਼ ਐਡਮਿਰਲ ਸੁਨੀਲ ਲਾਂਬਾ (ਸੇਵਾਮੁਕਤ) ਨੇ ਮਿਲਟਰੀ ਲਿਟਰੇਚਰ ਫੈਸਟੀਵਲ-2020 ਦੇ ਦੂਜੇ ਦਿਨ ‘ਦਿ ਕੁਆਡ: ਦਿ ਐਮਰਜਿੰਗ ਇੰਡੋ-ਪੈਸੀਫਿਕ ਨੇਵਲ ਅਲਾਇੰਸ’ ਵਿਸ਼ੇ ’ਤੇ ਵਿਚਾਰ-ਚਰਚਾ ਦੌਰਾਨ ਦਿੱਤੇ। ਇਸ ਮੌਕੇ ਪੈਨਲ ਨੇ ਵੱਖ-ਵੱਖ ਪਹਿਲੂਆਂ ’ਤੇ ਵਿਚਾਰ ਚਰਚਾ ਕੀਤੀ।
ਦੂਜੇ ਦਿਨ ਦੇ ਸ਼ੁਰੂਆਤੀ ਸਮਾਗਮ ਦੌਰਾਨ ਪਰਾਬਲ ਦਾਸ ਗੁਪਤਾ ਵੱਲੋਂ ਲਿਖੀ ਕਿਤਾਬ ‘ਵਾਟਰਸੈਡ 1967: ਇੰਡੀਆ, ਫਾਰਗੋਟਨ ਵਿਕਟਰੀ ਓਵਰ ਚਾਇਨਾ’ ’ਤੇ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਕੇਜੇ ਸਿੰਘ ਨੇ ਕਿਹਾ ਕਿ ਭਾਰਤ ਨੂੰ ਚੀਨ ਨਾਲ ਲੱਗਦੇ ਖੇਤਰ ਵਿੱਚ ਆਪਣੀ ਤਾਕਤ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ। ਭਾਰਤ ਹਰ ਖੇਤਰ ਵਿੱਚ ਚੀਨ ਦੀ ਬਰਾਬਰੀ ਕਰਦਾ ਹੈ ਉਹ ਭਾਵੇਂ ਤਾਕਤ ਦੀ ਗੱਲ ਹੋਵੇ ਭਾਵੇਂ ਤਕਨੀਕ ਦੀ। ਇਸ ਸੈਸ਼ਨ ਵਿੱਚ ਲੈਫਟੀਨੈਂਟ ਜਨਰਲ ( ਸੇਵਾਮੁਕਤ) ਐੱਨਐੱਸ ਬਰਾੜ ਅਤੇ ਲੈਫਟੀਨੈਂਟ ਜਨਰਲ (ਸੇਵਾਮੁਕਤ) ਜੇ.ਐਸ.ਚੀਮਾ ਨੇ ਵਿਚਾਰ ਸਾਂਝੇ ਕੀਤੇ। ਫੈਸਟੀਵਲ ਦੌਰਾਨ ‘ਕਲੈਰੀਅਨ ਕਾਲ: ਜੋਸ਼ ਅਤੇ ਜਜ਼ਬਾ ਸੈਸ਼ਲ ਦੌਰਾਨ 61ਵੇਂ ਕੈਵਲਰੀ’ ਨੂੰ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵੀ ਦੇਸ਼-ਵਿਦੇਸ਼ ਤੋਂ ਮਾਹਿਰਾਂ ਨੇ ਕਈ ਅਹਿਮ ਮੁੱਦਿਆਂ ’ਤੇ ਵਿਚਾਰ-ਚਰਚਾ ਕੀਤੀ।