ਆਤਿਸ਼ ਗੁਪਤਾ
ਚੰਡੀਗੜ੍ਹ, 20 ਦਸੰਬਰ
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਫੌਜ ਵਿੱਚ ਪੰਜਾਬੀਆਂ ਦੇ ਘਟ ਰਹੇ ਰੁਝਾਨ ਨੂੰ ਵੇਖਦਿਆਂ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਲਟਰੀ ਲਿਟਰੇਚਰ ਫੈਸਟੀਵਲ ਸਦਕਾ ਪਿਛਲੇ ਤਿੰਨ ਸਾਲਾਂ ਵਿੱਚ ਫੌਜ ਵਿੱਚ ਮੁੜ ਪੰਜਾਬੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਉਹ ਅੱਜ ਚੌਥੇ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਸਮਾਪਤੀ ਸਮਾਗਮ ਵਿੱਚ ਬੋਲ ਰਹੇ ਸਨ। ਉਨ੍ਹਾਂ ਆਸ ਜਤਾਈ ਕਿ ਭਵਿੱਖ ਵਿੱਚ ਹੋਰ ਵੀ ਪੰਜਾਬੀ ਨੌਜਵਾਨ ਫੌਜ ਵਿੱਚ ਸ਼ਾਮਲ ਹੋਣਗੇ।
ਫੈਸਟੀਵਲ ਦੌਰਾਨ ਲੋਕ ਸਭਾ ਮੈਂਬਰ ਸ਼ਸ਼ੀ ਥਰੂਰ ਨੇ ਮਸ਼ਹੂਰ ਕਲਾਕਾਰ ਮੇਜਰ ਬਿਕਰਮਜੀਤ ਕੰਵਰਪਾਲ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਰੇਲਵੇ ਸਮੇਤ ਬਸਤੀਵਾਦੀ ਸਾਸ਼ਨ ਵਿੱਚ ਕੀਤੇ ਗਏ ਬੁਨਿਆਦੀ ਢਾਂਚੇ ਦਾ ਵਿਕਾਸ ਮਹਿਜ਼ ਅੰਗਰੇਜ਼ਾਂ ਦੇ ਹਿੱਤਾਂ ਦੀ ਪੂਰਤੀ ਲਈ ਹੋਇਆ ਸੀ। ਉਨ੍ਹਾਂ ਕਿਹਾ ਕਿ ਅੰਗਰੇਜ਼ਾਂ ਵਲੋਂ ਇਹ ਦਲੀਲ ਦਿੱਤੀ ਗਈ ਕਿ ਉਹ ਬਹੁਤ ਸਾਰੀਆਂ ਸੰਸਥਾਵਾਂ ਅਤੇ ਅਭਿਆਸਾਂ ਨੂੰ ਪਿੱਛੇ ਛੱਡ ਗਏ, ਜਿਨ੍ਹਾਂ ਦਾ ਭਾਰਤ ਨੂੰ ਫਾਇਦਾ ਹੋਇਆ ਪਰ ਸਮੱਸਿਆ ਇਹ ਹੈ ਕਿ ਇਨ੍ਹਾਂ ਵਿੱਚੋਂ ਕਿਸੇ ਵੀ ਚੀਜ਼ ਦਾ ਭਾਰਤ ਦੇ ਹਿੱਤਾਂ ਨਾਲ ਕੋਈ ਲੈਣਾ-ਦੇਣਾ ਨਹੀਂ ਸੀ।
ਫੈਸਟੀਵਲ ਦੇ ਤੀਜੇ ਸੈਸ਼ਨ ਦੌਰਾਨ ਬੰਗਲਾਦੇਸ਼ ਦੀ ਆਜ਼ਾਦੀ ਦੀ ਇੱਕ ਮਹੱਤਵਪੂਰਨ ਲੜਾਈ ’ਤੇ ਚਾਨਣਾ ਪਾਇਆ ਗਿਆ, ਜੋ ਭਾਰਤੀ ਹਵਾਈ ਸੈਨਾ ਅਤੇ ਥਲ ਸੈਨਾ ਵੱਲੋਂ ਸਾਂਝੇ ਤੌਰ ’ਤੇ ਲੜੀ ਗਈ। ਇਸ ਮੌਕੇ ਸਕੁਐਡਰਨ ਲੀਡਰ ਰਾਣਾ ਛੀਨਾ, ਲੈਫਟੀਨੈਂਟ ਜਨਰਲ ਗੁਰਬਖ਼ਸ਼ ਸਿੰਘ ਸਹੋਤਾ, ਮੇਜਰ ਚੰਦਰਕਾਂਤ ਨੇ ਦੱਸਿਆ ਕਿ ਮੁਸ਼ਕਲ ਹਾਲਾਤ ਦੇ ਬਾਵਜੂਦ, 9 ਦਸੰਬਰ 1971 ਨੂੰ 5 ਤੋਂ 15 ਕਿਲੋਮੀਟਰ ਲੰਬੀ ਮੇਘਨਾ ਨਦੀ ਨੂੰ ਪਾਰ ਕੀਤਾ ਗਿਆ ਅਤੇ ਪਾਕਿਸਤਾਨੀ ਫੌਜ ਪਿੱਛੇ ਹਟਣ ਲਈ ਮਜਬੂਰ ਹੋਈ। ਬਾਅਦ ਵਿੱਚ ਲੜਾਈ ਦੌਰਾਨ ਟੈਂਕ ਬ੍ਰਿਗੇਡ ਦੀ ਕਮਾਨ ਸੰਭਾਲਣ ਵਾਲੇ ਲੈਫਟੀਨੈਂਟ ਜਨਰਲ ਸ਼ਮਸ਼ੇਰ ਮਹਿਤਾ ਨੇ ਟੈਂਕ ਬ੍ਰਿਗੇਡ ਅਤੇ ਜਾਨਾਂ ਵਾਰਨ ਵਾਲਿਆਂ ਦੀਆਂ ਕੁਰਬਾਨੀਆਂ ’ਤੇ ਚਾਨਣਾ ਪਾਇਆ। ‘ਮਿਲਟਰੀ ਲੀਡਰਸ਼ਿਪ ਫਾਰ ਦਾ ਪ੍ਰੈਜ਼ੈਂਟ ਡੇਅ’ ਬਾਰੇ ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ ਟੀਐੱਸ ਸ਼ੇਰਗਿੱਲ, ਲੈਫਟੀਨੈਂਟ ਜਨਰਲ ਬਲਰਾਜ ਸਿੰਘ ਨਗਲ, ਡੀਡੀਐੱਸ ਸੰਧੂ ਅਤੇ ਏਸੀਐੱਮ ਐਨ.ਏ.ਕੇ ਬ੍ਰਾਊਨ/ਏ.ਐਮ ਕੇ.ਕੇ ਨੋਵ੍ਹਰ ਨੇ ਵਿਚਾਰ ਸਾਂਝੇ ਕੀਤੇ।