ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 10 ਅਪਰੈਲ
ਫਿਰੋਜ਼ਪੁਰ ਵਿੱਚ ਫੌਜ ਦੀ ਭਰਤੀ ਦੌਰਾਨ ਸਰੀਰਕ ਜਾਂਚ ਸਮੇਂ ਫੌਜੀ ਅਧਿਕਾਰੀਆਂ ਵੱਲੋਂ ਅੰਮ੍ਰਿਤਧਾਰੀ ਸਿੱਖ ਨੌਜਵਾਨਾਂ ਨੂੰ ਕਕਾਰ ਉਤਾਰਨ ਲਈ ਮਜਬੂਰ ਕਰਨ ਦੀ ਘਟਨਾ ’ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਤਰਾਜ਼ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਧਾਰੀ ਸਿੱਖ ਲਈ ਕਕਾਰ ਰਹਿਤ ਮਰਿਆਦਾ ਦਾ ਅਹਿਮ ਹਿੱਸਾ ਹਨ, ਜਿਨ੍ਹਾਂ ਨੂੰ ਸਰੀਰ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਭਾਰਤ ਬਹੁ-ਧਰਮੀ ਦੇਸ਼ ਹੈ, ਜਿਸ ਦਾ ਸੰਵਿਧਾਨ ਹਰੇਕ ਨੂੰ ਆਪਣੇ ਧਰਮ ਅਨੁਸਾਰ ਰਹਿਣ ਦੀ ਇਜਾਜ਼ਤ ਦਿੰਦਾ ਹੈ, ਅਜਿਹੇ ਵਿੱਚ ਫੌਜ ਭਰਤੀ ਸਮੇਂ ਨੌਜਵਾਨਾਂ ਨੂੰ ਕਕਾਰ ਉਤਾਰਨ ਲਈ ਮਜਬੂਰ ਕਰਨ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ। ਉਨ੍ਹਾਂ ਕਿਹਾ ਕਿ ਹੁਣ ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਜਿਨ੍ਹਾਂ ਨੇ ਧਰਮ ਦੀ ਆਜ਼ਾਦੀ ਲਈ ਸ਼ਹਾਦਤ ਦਿੱਤੀ, ਉਸ ਸਮੇਂ ਭਰਤੀ ਦੌਰਾਨ ਫ਼ੌਜੀ ਅਫ਼ਸਰਾਂ ਵੱਲੋਂ ਸਿੱਖ ਨੌਜਵਾਨਾਂ ਦੇ ਕਕਾਰ ਉਤਾਰਨ ਤੇ ਜਿਨ੍ਹਾਂ ਨੌਜਵਾਨਾਂ ਨੇ ਕਕਾਰ ਉਤਾਰਨ ਤੋਂ ਮਨ੍ਹਾਂ ਕੀਤਾ, ਉਨ੍ਹਾਂ ਨੂੰ ਭਰਤੀ ਤੋਂ ਬਾਹਰ ਕਰਨ ਨਾਲ ਪੂਰੀ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ। ਉਨ੍ਹਾਂ ਪ੍ਰਧਾਨ ਮੰਤਰੀ, ਰੱਖਿਆ ਮੰਤਰੀ ਤੇ ਪੰਜਾਬ ਦੇ ਮੁੱਖ ਮੰਤਰੀ ਤੋਂ ਇਨ੍ਹਾਂ ਫੌਜੀ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।