ਰਵਿੰਦਰ ਰਵੀ
ਬਰਨਾਲਾ, 14 ਜੂਨ
ਟਰਾਈਡੈਂਟ ਗਰੁੱਪ ਨਾਲ ਅੱਠ ਕਰੋੜ ਰੁਪਏ ਦੀ ਠੱਗੀ ਮਾਰਨ ਨਾਲ ਸਬੰਧਤ ਮਾਮਲੇ ’ਚ ਪੁਲੀਸ ਨੇ ਕੰਪਨੀ ਦੇ ਸਾਬਕਾ ਚੀਫ਼ ਵਿੱਤ ਅਧਿਕਾਰੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮ ਹਾਲੇ ਪੁਲੀਸ ਦੀ ਪਹੁੰਚ ਤੋਂ ਦੂਰ ਹੈ।
ਟਰਾਈਡੈਂਟ ਦੇ ਅਧਿਕਾਰੀ ਰੁਪਿੰਦਰ ਗੁਪਤਾ ਨੇ ਦੱਸਿਆ ਕਿ ਟਰਾਈਡੈਂਟ ਗਰੁੱਪ ਦੇ ਸਾਬਕਾ ਚੀਫ਼ ਵਿੱਤ ਅਫ਼ਸਰ (ਸੀਐੱਫਓ) ਹਰਵਿੰਦਰ ਸਿੰਘ ਗਿੱਲ ਉਰਫ਼ ਹਰਵਿੰਦਰ ਸਿੰਘ ਵਾਸੀ ਪਿੰਡ ਸੰਗੋਵਾਲ (ਲੁਧਿਆਣਾ) ਵੱਲੋਂ ਕੰਪਨੀ ਨਾਲ 16 ਅਪਰੈਲ 2019 ਤੋਂ 17 ਫਰਵਰੀ 2022 ਦੌਰਾਨ ਵੱਡੇ ਪੱਧਰ ’ਤੇ ਵਿੱਤੀ ਘੁਟਾਲਾ ਕੀਤਾ ਗਿਆ ਹੈ। ਹਰਵਿੰਦਰ ਸਿੰਘ ਗਿੱਲ ਨੇ ਟਰਾਈਡੈਂਟ ਗਰੁੱਪ ਵਿੱਚ 9 ਸਤੰਬਰ, 2014 ਤੋਂ 18 ਫਰਵਰੀ, 2022 ਤੱਕ ਅਤੇ ਟਰਾਈਡੈਂਟ ਗਰੁੱਪ ਦੀਆਂ ਵੱਖ-ਵੱਖ ਕੰਪਨੀਆਂ ਵਿੱਚ 34 ਸਾਲਾਂ ਤੋਂ ਵੱਧ ਸਮਾਂ ਕੰਮ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕੰਪਨੀ ਵੱਲੋਂ ਕਰਵਾਏ ਗਏ ਅੰਦਰੂਨੀ ਆਡਿਟ ਤੋਂ ਪਤਾ ਲੱਗਾ ਹੈ ਕਿ ਕੁੱਲ 185 ਲੈਣਦਾਰੀਆਂ ਤੇ ਦੇਣਦਾਰੀਆਂ ’ਚ ਅੱਠ ਕਰੋੜ ਰੁਪਏ ਤੋਂ ਵੱਧ ਦੀ ਰਕਮ ਹਰਵਿੰਦਰ ਸਿੰਘ ਗਿੱਲ ਦੇ ਨਿੱਜੀ ਖਾਤਿਆਂ ਵਿੱਚ ਆਨਲਾਈਨ ਟਰਾਂਸਫਰ ਕੀਤੀ ਗਈ ਸੀ। ਕੰਪਨੀ ਦੇ ਆਡਿਟਰ ਐੱਸਸੀ ਵਾਸੂਦੇਵ ਐਂਡ ਕੰਪਨੀ ਚਾਰਟਰਡ ਅਕਾਊਂਟੈਂਟ ਨੂੰ ਵੀ ਇਸ ਸਭ ਦੀ ਜਾਣਕਾਰੀ ਨਹੀਂ ਸੀ, ਜਦਕਿ ਉਹ ਕੰਪਨੀ ਦੀ ਬੈਲੇਂਸ ਸ਼ੀਟ ’ਤੇ ਹਸਤਾਖਰਕਰਤਾ ਹਨ। ਉਨ੍ਹਾਂ ਦੱਸਿਆ ਕਿ ਕੰਪਨੀ ਨਾਲ ਹੋਈ ਧੋਖਾਧੜੀ ਤੋਂ ਬਾਅਦ ਕੰਪਨੀ ਦੇ ਹੋਰ ਕਰਮਚਾਰੀਆਂ ਦੀ ਭੂਮਿਕਾ ਅਤੇ ਕਈ ਹੋਰ ਖਾਤਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਨੇ ਇਸ ਸਬੰਧੀ ਥਾਣਾ ਬਰਨਾਲਾ ਵਿੱਚ ਹਰਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।