ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ 10 ਮਾਰਚ
ਵਿਜੀਲੈਂਸ ਬਿਊਰੋ ਨੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਆਯੂਸ਼ਮਾਨ ਭਾਰਤ ਸਕੀਮ ਤਹਿਤ ਕਰੋੜਾਂ ਰੁਪਏ ਦੇ ਘਪਲੇ ਨੂੰ ਬੇਪਰਦ ਕੀਤਾ ਹੈ। ਇਸ ਦੌਰਾਨ ਅਧਿਕਾਰਤ ਇਫਕੋ ਟੋਕੀਓ ਬੀਮਾ ਕੰਪਨੀ ਵੱਲੋਂ ਸਰਕਾਰੀ ਹਸਪਤਾਲਾਂ ਦੇ ਬੀਮਾ ਕਲੇਮ ਭਾਰੀ ਮਾਤਰਾ ਵਿੱਚ ਰੱਦ ਕਰ ਦਿੱਤੇ ਗਏ ਜਿਸ ਕਰਕੇ ਰਾਜ ਸਰਕਾਰ ਦੇ ਖਜ਼ਾਨੇ ਨੂੰ ਕਰੋੜਾਂ ਦਾ ਘਾਟਾ ਪਿਆ ਹੈ। ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ ਤੇ ਡੀਜੀਪੀ ਬੀਕੇ ਉੱਪਲ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਕਸਬੇ ਵਿੱਚ ਚੱਲ ਰਹੇ ਨਾਮੀ ਹਸਪਤਾਲ ਦੇ 519 ਕਲੇਮ ਰੱਦ ਹੋ ਗਏ। ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਜ਼ਿਲ੍ਹੇ ਦੇ 77 ਪ੍ਰਾਈਵੇਟ ਹਸਪਤਾਲਾਂ ਦੇ ਰੱਦ ਕੀਤੇ ਕਲੇਮਾਂ ਦੀ ਕੁੱਲ ਰਾਸ਼ੀ 5,59,96,407 ਬਣਦੀ ਹੈ। ਇਸ ਤੋਂ ਇਲਾਵਾ ਜਲੰਧਰ, ਹੁਸ਼ਿਆਰਪੁਰ ਤੇ ਕਪੂਰਥਲਾ ਦੇ 35 ਸਰਕਾਰੀ ਹਸਪਤਾਲਾਂ ਦੇ ਰੱਦ ਹੋਏ ਕਲੇਮਾਂ ਦੀ ਕੁੱਲ ਰਾਸ਼ੀ 52,06,500 ਬਣਦੀ ਹੈ। ਇਨ੍ਹਾਂ ਤਿੰਨਾਂ ਜ਼ਿਲ੍ਹਿਆਂ ਵਿੱਚ ਇਕ ਸਾਲ ਦੌਰਾਨ ਸਰਕਾਰ ਨੂੰ ਕਰੀਬ 52,06,500 ਰੁਪਏ ਦੇ ਵਿੱਤੀ ਘਾਟੇ ਦਾ ਅਨੁਮਾਨ ਹੈ।