ਜਗਮੋਹਨ ਸਿੰਘ
ਰੂਪਨਗਰ/ਘਨੌਲੀ, 1 ਅਪਰੈਲ
ਜ਼ਿਲ੍ਹਾ ਰੂਪਨਗਰ ਦੇ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਵਿਧਾਇਕ ਹਰਜੋਤ ਸਿੰਘ ਬੈਂਸ ਦੇ ਖਣਨ ਮੰਤਰੀ ਬਣਨ ਤੋਂ ਬਾਅਦ ਜਿੱਥੇ ਪੂਰੇ ਪੰਜਾਬ ਅੰਦਰ ਨਾਜਾਇਜ਼ ਖਣਨ ਦਾ ਧੰਦਾ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ, ਉੱਥੇ ਹੀ ਮਨਜ਼ੂਰਸ਼ੁਦਾ ਖੱਡਾਂ ਤੋਂ ਵੀ ਖਣਨ ਠੇਕੇਦਾਰਾਂ ਨੇ ਰੇਤੇ ਦੀ ਨਿਕਾਸੀ ਦਾ ਕੰਮ ਬਿਲਕੁਲ ਠੱਪ ਕਰ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਰੂਪਨਗਰ ਅੰਦਰ ਕਾਂਗਰਸ ਸਰਕਾਰ ਵੱਲੋਂ ਖਣਨ ਲਈ 11 ਖੱਡਾਂ ਦੀ ਨਿਲਾਮੀ ਕੀਤੀ ਗਈ ਸੀ, ਜਿਨ੍ਹਾਂ ਵਿੱਚੋਂ ਕੁੱਝ ਤਕਨੀਕੀ ਕਾਰਨਾਂ ਕਰ ਕੇ ਛੇ ਖੱਡਾਂ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ ਅਤੇ ਉਨ੍ਹਾਂ ਖੱਡਾਂ ਦੇ ਬਦਲੇ ਸਰਕਾਰ ਵੱਲੋਂ ਲਗਪਗ 10-11 ਡੀ ਸਿਲਟਿੰਗ ਸਾਈਟਾਂ ਖਣਨ ਠੇਕੇਦਾਰਾਂ ਨੂੰ ਅਲਾਟ ਕਰ ਦਿੱਤੀਆਂ ਗਈਆਂ ਸਨ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਨ੍ਹਾਂ ਸਾਰੀਆਂ ਖੱਡਾਂ ’ਤੇ ਰੇਤੇ ਅਤੇ ਗਰੈਵਰ ਦਾ ਰੇਟ 5.50 ਰੁਪਏ ਪ੍ਰਤੀ ਸਕੁਐਰ ਫੁੱਟ ਤੈਅ ਕਰ ਦਿੱਤਾ ਸੀ। ਵਿਧਾਨ ਸਭਾ ਲਈ ਵੋਟਾਂ ਪੈਣ ਵਾਲੇ ਦਿਨ ਤੱਕ ਲੋਕਾਂ ਨੂੰ ਤੈਅਸ਼ੁਦਾ ਰੇਟਾਂ ਅਨੁਸਾਰ ਰੇਤਾ ਮਿਲਦਾ ਰਿਹਾ ਪਰ ਵੋਟਾਂ ਪੈਣ ਉਪਰੰਤ ਚੋਣਾਂ ਦੇ ਨਤੀਜੇ ਆਉਣ ਤੱਕ ਅੱਧ-ਪਚੱਧੀਆਂ ਖੱਡਾਂ ਤੇ ਡੀ-ਸਿਲਟਿੰਗ ਸਾਈਟਾਂ ’ਤੇ ਰੇਤੇ ਦੀ ਨਿਕਾਸੀ ਦਾ ਕੰਮ ਚੱਲਦਾ ਰਿਹਾ। 10 ਮਾਰਚ ਨੂੰ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਸਾਰੀਆਂ ਖੱਡਾਂ ਅਤੇ ਡੀ-ਸਿਲਟਿੰਗ ਸਾਈਟਾਂ ’ਤੇ ਰੇਤੇ ਅਤੇ ਗਰੈਵਰ ਦੀ ਨਿਕਾਸੀ ਦਾ ਕੰਮ ਬਿਲਕੁਲ ਠੱਪ ਹੋ ਚੁੱਕਿਆ ਹੈ, ਜਿਸ ਕਰ ਕੇ ਜਿੱਥੇ ਕੱਚੇ ਮਾਲ ਦੀ ਘਾਟ ਕਾਰਨ ਕਰੱਸ਼ਰ ਇੰਡਸਟਰੀ ਨੂੰ ਬਰੇਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ, ਉੱਥੇ ਹੀ ਰੇਤੇ ਦਾ ਭਾਅ ਦੁੱਗਣੇ ਤੋਂ ਵੀ ਉੱਪਰ ਪੁੱਜ ਚੱਕਿਆ ਹੈ।
ਸਮਾਜ ਸੇਵੀ ਪੰਕਜ ਮੋਹਨ ਯਾਦਵ ਨੇ ਦੱਸਿਆ ਕਿ ਜਿਹੜਾ ਰੇਤੇ ਦਾ ਟਿੱਪਰ ਉਨ੍ਹਾਂ ਨੂੰ ਮਹੀਨਾ ਪਹਿਲਾਂ 5900 ਰੁਪਏ ਵਿੱਚ ਮਿਲ ਰਿਹਾ ਸੀ , ਹੁਣ ਉਹੀ 13000 ਤੋਂ 14000 ਰੁਪਏ ਵਿੱਚ ਖਰੀਦਣਾ ਪੈ ਰਿਹਾ ਹੈ ਅਤੇ ਰੇਤੇ ਦੀ ਕੁਆਲਿਟੀ ਵੀ ਸਹੀ ਨਹੀਂ ਮਿਲ ਰਹੀ।
ਜਦੋਂ ਇਸ ਸਬੰਧੀ ਜ਼ਿਲ੍ਹਾ ਰੂਪਨਗਰ ਦੇ ਖਣਨ ਠੇਕੇਦਾਰ ਰਾਕੇਸ਼ ਚੌਧਰੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਪੂਰੀ ਗੱਲ ਸੁਣਨ ਉਪਰੰਤ ਜਵਾਬ ਦੇਣ ਦੀ ਬਜਾਇ ਫੋਨ ਕੱਟ ਦਿੱਤਾ ਤੇ ਮੁੜ ਫੋਨ ਨਹੀਂ ਚੁੱਕਿਆ।
ਖੱਡਾਂ ਦੀ ਨਿਸ਼ਾਨਦੇਹੀ ਕਰਵਾ ਦਿੱਤੀ ਗਈ ਹੈ: ਐੱਸਡੀਓ ਨਵਪ੍ਰੀਤ ਸਿੰਘ
ਖਣਨ ਵਿਭਾਗ ਰੂਪਨਗਰ ਦੇ ਐੱਸਡੀਓ ਨਵਪ੍ਰੀਤ ਸਿੰਘ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੁੱਝ ਸਾਈਟਾਂ ਦੀ ਨਿਸ਼ਾਨਦੇਹੀ ਕਰਵਾ ਦਿੱਤੀ ਗਈ ਹੈ ਅਤੇ ਬਾਕੀ ਦੀ ਨਿਸ਼ਾਨਦੇਹੀ ਕਰਵਾਈ ਜਾ ਰਹੀ ਹੈ ਅਤੇ ਮਹਿਕਮੇ ਵੱਲੋਂ ਠੇਕੇਦਾਰਾਂ ਦੇ ਕੰਮ ’ਤੇ ਕਿਸੇ ਤਰ੍ਹਾਂ ਦੀ ਕੋਈ ਰੋਕ ਨਹੀਂ ਲਗਾਈ ਗਈ ਹੈ।