ਰਾਕੇਸ਼ ਸੈਣੀ
ਨੰਗਲ, 19 ਸਤੰਬਰ
ਨਾਜਾਇਜ਼ ਖਣਨ ਮਾਮਲੇ ’ਚ ਕਾਰਵਾਈ ਕਰਦਿਆਂ ਅੱਜ ਈਡੀ ਦੀ ਇੱਕ ਵਿਸ਼ੇਸ਼ ਟੀਮ ਵੱਲੋਂ ਹਿਮਾਚਲ ਪ੍ਰੇਦਸ਼ ਦੇ ਜ਼ਿਲ੍ਹਾ ਊਨਾ ਨਾਲ ਨੰਗਲ ਸ਼ਹਿਰ ਦੇ ਵਾਰਡ ਨੰਬਰ 13 ਦੇ ਪਿੰਡ ਕਨਚੇੜ੍ਹਾ ਵਿੱਚ ਛਾਪਾਮਾਰੀ ਕੀਤੀ ਗਈ। ਵਪਾਰ ਮੰਡਲ ਜਵਾਹਰ ਮਾਰਕੀਟ ਦੇ ਪ੍ਰਧਾਨ ਰਾਜੇਸ਼ ਆਂਗਰਾ ਲਵਲੀ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਈਡੀ ਦੀ ਟੀਮ ਅੱਜ ਸਵੇਰੇ ਮਾਨਵ ਖੰਨਾ ਦੇ ਘਰ ਪਹੁੰਚੀ। ਇਸ ਟੀਮ ਵਿਚ ਇਕ ਵਧੀਕ ਡਾਇਰੈਕਟਰ, ਤਿੰਨ ਇਨਫੋਰਸਮੈਂਟ ਆਫ਼ੀਸਰ ਤੇ ਇੱਕ ਅਸਿਸਟੈਂਟ ਇਨਫੋਰਸਮੈਂਟ ਆਫੀਸਰ ਮਾਈਨਿੰਗ ਸ਼ਾਮਲ ਸਨ। ਟੀਮ ਨੇ ਮਾਨਵ ਖੰਨਾ ਦੇ ਘਰ ਦੀ ਤਲਾਸ਼ੀ ਲਈ ਤੇ ਇਸ ਸਬੰਧੀ ਕਿਸੇ ਵੀ ਮੀਡੀਆ ਕਰਮੀ ਨਾਲ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਰਾਜੇਸ਼ ਆਂਗਰਾ ਨੇ ਦੱਸਿਆ ਕਿ ਉਕਤ ਟੀਮ ਵਿੱਚ ਸ਼ਾਮਲ ਅਧਿਕਾਰੀਆਂ ਨੇ ਦੱਸਿਆ ਕਿ ਮਾਨਵ ਖੰਨਾ ਵੱਲੋਂ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਵਿੱਚ ਕਥਿਤ ਕੁਝ ਥਾਂ ਖਰੀਦਿਆ ਗਿਆ ਸੀ ਜੋ ਉਸ ਨੇ ਬਾਅਦ ਵਿੱਚ ਕਿਸੇ ਹੋਰ ਪਾਰਟੀ ਨੂੰ ਵੇਚ ਦਿੱਤਾ। ਉਨ੍ਹਾਂ ਦੱਸਿਆ ਕਿ ਉਕਤ ਥਾਂ ’ਤੇ ਨਾਜਾਇਜ਼ ਖਣਨ ਹੋਇਆ ਹੈ, ਜਿਸ ਕਾਰਨ ਅੱਜ ਇਹ ਛਾਪਾ ਮਾਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮਾਨਵ ਖੰਨਾ ਅੱਜ-ਕੱਲ੍ਹ ਪ੍ਰਾਈਵੇਟ ਨੌਕਰੀ ਕਰ ਰਿਹਾ ਹੈ।