ਦਵਿੰਦਰ ਪਾਲ
ਚੰਡੀਗੜ੍ਹ, 28 ਸਤੰਬਰ
ਪੰਜਾਬ ਦੇ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾਈ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਮੰਤਰੀਆਂ ਨੂੰ ਜਨਤਾ ਤੇ ਵਰਕਰਾਂ ਦੇ ਗਿਲੇ ਸ਼ਿਕਵੇ ਦੂਰ ਕਰਨ ਲਈ ਪਾਰਟੀ ਦਫਤਰ ਵਿੱਚ ਹਾਜ਼ਰੀ ਭਰਨ ਦੀ ਹਦਾਇਤ ਕੀਤੀ ਹੈ। ਸੂਤਰਾਂ ਦਾ ਦੱਸਣਾ ਹੈ ਕਿ ਇਸ ਮੀਟਿੰਗ ਦੌਰਾਨ ਇਹ ਵੀ ਫ਼ੈਸਲਾ ਲਿਆ ਗਿਆ ਕਿ ਸ੍ਰੀ ਰਾਵਤ ਪੰਜਾਬ ਦੇ ਇਕੱਲੇ-ਇਕੱਲੇ ਵਿਧਾਇਕ ਨਾਲ ਮੀਟਿੰਗ ਕਰਕੇ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਜਾਣਨਗੇ। ਜਲੰਧਰ ਛਾਉਣੀ ਤੋਂ ਵਿਧਾਇਕ ਪਰਗਟ ਸਿੰਘ ਨੇ ਮੀਟਿੰਗ ਦੌਰਾਨ ਕੁਝ ਮੁੱਦਿਆਂ ’ਤੇ ਗੱਲ ਕਰਨ ਦਾ ਯਤਨ ਕੀਤਾ ਪਰ ਉਨ੍ਹਾਂ ਨੂੰ ਇਹੀ ਕਿਹਾ ਗਿਆ ਕਿ ਸ੍ਰੀ ਰਾਵਤ ਨਾਲ ਇਕੱਲਿਆਂ ਮਿਲ ਕੇ ਹੀ ਗੱਲਬਾਤ ਕੀਤੀ ਜਾਵੇ। ਸ੍ਰੀ ਰਾਵਤ ਨੇ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਮੀਡੀਆ ਵਿੱਚ ਭਾਰਤੀ ਜਨਤਾ ਪਾਰਟੀ ਦੀਆਂ ਵਿਰੋਧੀ ਧਿਰਾਂ ਨੂੰ ਘੱਟ ਥਾਂ ਦਿੱਤੀ ਜਾਂਦੀ ਹੈ ਉਸ ਨੂੰ ਦੇਖਦਿਆਂ ਕਾਂਗਰਸ ਦੇ ਆਗੂ ਤੇ ਵਰਕਰ ਸੋਸ਼ਲ ਮੀਡੀਆ ’ਤੇ ਆਪਣੀਆਂ ਗਤੀਵਿਧੀਆਂ ਵਧਾਉਣ। ਇਸ ਮੀਟਿੰਗ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੀ ਹਾਜ਼ਰ ਸਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀਆਂ ਪ੍ਰਤੀ ਲੋਕਾਂ ’ਚ ਰੋਹ ਹੈ। ਇਸ ਦਾ ਲਾਭ ਕਾਂਗਰਸ ਨੂੰ 2022 ਦੀਆਂ ਚੋਣਾਂ ’ਚ ਹੋ ਸਕਦਾ ਹੈ।