ਗੁਰਿੰਦਰ ਸਿੰਘ
ਲੁਧਿਆਣਾ, 10 ਜਨਵਰੀ
ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮਜਲਿਸ ਅਹਿਰਾਰ ਇਸਲਾਮ ਹਿੰਦ ਪਾਰਟੀ ਨੇ ਰਾਜਸੀ ਪਾਰਟੀਆਂ ਤੋਂ ਮੰਗ ਕੀਤੀ ਹੈ ਕਿ ਉਹ ਆਪਣੇ ਚੋਣ ਮਨੋਰਥ ਪੱਤਰਾਂ ਵਿੱਚ ਘੱਟ ਗਿਣਤੀਆਂ ਅਤੇ ਖ਼ਾਸ ਕਰਕੇ ਮੁਸਲਿਮ ਭਾਈਚਾਰੇ ਲਈ ਕਬਰਿਸਤਾਨ ਅਤੇ ਉਨ੍ਹਾਂ ਨੂੰ ਦਰਪੇਸ਼ ਹੋਰ ਮੁਸ਼ਕਲਾਂ ਦੀ ਗੱਲ ਕਰਨ।
ਇੱਥੇ ਜਾਮਾ ਮਸਜਿਦ ’ਚ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਪੰਜਾਬ ’ਚ ਘੱਟ ਗਿਣਤੀ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸੂਬੇ ’ਚ ਚੋਣਾਂ ਲੜ ਰਹੀਆਂ ਰਾਜਸੀ ਪਾਰਟੀਆਂ ਨੇ ਕਦੇ ਵੀ ਘੱਟ ਗਿਣਤੀਆਂ ਲਈ ਚੋਣ ਮਨੋਰਥ ਪੱਤਰ ਵਿੱਚ ਇਸ ਵਰਗ ਲਈ ਕੋਈ ਗੱਲ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸੂਬੇ ’ਚ ਮੁਸਲਮਾਨ ਸਭ ਤੋਂ ਵੱਡਾ ਘੱਟ ਗਿਣਤੀ ਵਰਗ ਹੈ ਪਰ ਰਾਜਸੀ ਪਾਰਟੀਆਂ ’ਚ ਇਸ ਵਰਗ ਨੂੰ ਹੁਣ ਤੱਕ ਵੋਟ ਫ਼ੀਸਦੀ ਦੇ ਹਿਸਾਬ ਨਾਲ ਨੁਮਾਇੰਦਗੀ ਨਹੀਂ ਮਿਲੀ।
ਸ਼ਾਹੀ ਇਮਾਮ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਸਮੇਤ ਸਾਰੇ ਰਾਜਸੀ ਦਲਾਂ ਨੂੰ ਕਿਹਾ ਕਿ ਸੁਜਾਨਪੁਰ ਅਤੇ ਅਮਰਗੜ੍ਹ ਹਲਕਿਆਂ ਸਮੇਤ ਪੰਜਾਬ ’ਚ ਆਬਾਦੀ ਦੇ ਲਿਹਾਜ਼ ਨਾਲ ਛੇ ਵਿਧਾਨ ਸਭਾ ਸੀਟਾਂ ਮੁਸਲਮਾਨ ਸਮਾਜ ਨੂੰ ਦਿੱਤੀਆਂ ਜਾਣ।
ਸ਼ਾਹੀ ਇਮਾਮ ਨੇ ਕਿਹਾ ਕਿ ਸੁਜਾਨਪੁਰ ਵਿਧਾਨ ਸਭਾ ਤੋਂ ਅਲਾਦੀਨ ਅਤੇ ਅਮਰਗੜ੍ਹ ਹਲਕੇ ਤੋਂ ਅਬਦੁਲ ਸੱਤਾਰ ਲਬਿੜਾ ਕਾਂਗਰਸ ਦੀ ਟਿਕਟ ਮੰਗ ਰਹੇ ਹਨ ਅਤੇ ਇਸ ਲਈ ਪਾਰਟੀ ਨੂੰ ਫ਼ੈਸਲਾ ਕਰਨਾ ਚਾਹੀਦਾ ਹੈ।