ਐਸਏਐਸ ਨਗਰ (ਮੁਹਾਲੀ): ਪੀਟੀਸੀ ਚੈਨਲ ਵੱਲੋਂ ਮਿਸ ਪੰਜਾਬਣ ਮੁਕਾਬਲੇ ਵਿੱਚ ਹਿੱਸਾ ਲੈ ਰਹੀ ਮੁਟਿਆਰ ਨੂੰ ਕਥਿਤ ਬੰਦੀ ਬਣਾ ਕੇ ਰੱਖਣ ਅਤੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਮੁਹਾਲੀ ਪੁਲੀਸ ਵੱਲੋਂ ਪਿਛਲੇ ਦਿਨੀਂ ਗ੍ਰਿਫ਼ਤਾਰ ਕੀਤੇ ਗਏ ਚੈਨਲ ਦੇ ਮੈਨੇਜਿੰਗ ਡਾਇਰੈਕਟਰ ਰਬਿੰਦਰ ਨਾਰਾਇਣ ਦੀ ਰੈਗੂਲਰ ਜ਼ਮਾਨਤ ਦੀ ਅਰਜ਼ੀ ਅੱਜ ਅਦਾਲਤ ਨੇ ਦੂਜੀ ਵਾਰ ਮੁੱਢੋਂ ਰੱਦ ਕਰ ਦਿੱਤੀ ਹੈ। ਇਸ ਵੇਲੇ ਰਬਿੰਦਰ ਨਾਰਾਇਣ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਵਿੱਚ ਬੰਦ ਹੈ। ਉਧਰ, ਇਸ ਮਾਮਲੇ ਵਿੱਚ ਨਾਮਜ਼ਦ ਮੁੱਖ ਮੁਲਜ਼ਮ ਨੈਨਸੀ ਘੁੰਮਣ ਤੇ ਉਸ ਦਾ ਪਤੀ ਭੁਪਿੰਦਰ ਸਿੰਘ, ਮਿਸ ਪੰਜਾਬਣ ਮੁਕਾਬਲਾ 2022-23 ਦੀ ਅਸਿਸਟੈਂਟ ਡਾਇਰੈਕਟਰ ਨਿਹਾਰਿਕਾ ਜੈਨ ਤੇ ਹੋਟਲ ਦੇ ਮੈਨੇਜਿੰਗ ਡਾਇਰੈਕਟਰ ਲਕਸ਼ਮਣ ਸਮੇਤ ਹੋਰ ਮੁਲਜ਼ਮ ਫਿਲਹਾਲ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਜਾਣਕਾਰੀ ਅਨੁਸਾਰ ਪੁਲੀਸ ਫਰਾਰ ਮੁਲਜ਼ਮਾਂ ਦੀ ਪੈੜ ਨੱਪਣ ਲਈ ਵੱਖ-ਵੱਖ ਥਾਵਾਂ ’ਤੇ ਛਾਪਾਮਾਰੀ ਕਰ ਰਹੀ ਹੈ। ਮਿਸ ਪੰਜਾਬਣ ਮੁਕਾਬਲੇ ਵਿੱਚ ਭਾਗ ਲੈਣ ਵਾਲੀ ਮੁਟਿਆਰ ਦੇ ਪਿਤਾ ਨੇ ਕਥਿਤ ਤੌਰ ’ਤੇ ਗ਼ੈਰਕਾਨੂੰਨੀ ਕੰਮ ਕਰਨ ਲਈ ਉਸ ਦੀ ਧੀ ’ਤੇ ਦਬਾਅ ਪਾਉਣ, ਉਸ ਨੂੰ ਪ੍ਰੇਸ਼ਾਨ ਕਰਨ ਤੇ ਉਸ ਦੀ ਰਿਹਾਈ ਲਈ 50 ਲੱਖ ਰੁਪਏ ਦੀ ਮੰਗ ਕਰਨ ਦੇ ਦੋਸ਼ ਲਾਏ ਹਨ। -ਪੱਤਰ ਪ੍ਰੇਰਕ