ਪੱਤਰ ਪ੍ਰੇਰਕ
ਮੁਹਾਲੀ, 3 ਅਪਰੈਲ
ਪ੍ਰਾਈਵੇਟ ਟੀਵੀ ਚੈਨਲ ਵੱਲੋਂ ਕਰਵਾਏ ਜਾ ਰਹੇ ਮਿਸ ਪੰਜਾਬਣ ਮੁਕਾਬਲੇ ਵਿੱਚ ਹਿੱਸਾ ਲੈ ਰਹੀ ਲੜਕੀ ਨੂੰ ਜਬਰਦਸਤੀ ਬੰਦੀ ਬਣਾ ਕੇ ਰੱਖਣ ਦੇ ਦੋਸ਼ਾਂ ਅਤੇ ਸ਼ੋਅ ਵਿੱਚ ਹਿੱਸਾ ਲੈ ਰਹੀਆਂ ਲੜਕੀਆਂ ਦੇ ਕਥਿਤ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਨਾਮਜ਼ਦ ਨੈਨਸੀ ਘੁੰਮਣ ਦੀ ਮੁਹਾਲੀ ਅਦਾਲਤ ਨੇ ਪੇਸ਼ਗੀ ਜ਼ਮਾਨਤ ਰੱਦ ਕਰ ਦਿੱਤੀ ਹੈ। ਅੱਜ ਇਸ ਗੱਲ ਦੀ ਪੁਸ਼ਟੀ ਨੈਨਸੀ ਘੁੰਮਣ ਦੇ ਵਕੀਲ ਧਰੁਪਵਿੰਦਰ ਬਰਾੜ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਅਦਾਲਤ ਨੇ ਉਸ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਅਗਾਊਂ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਹੁਣ ਉਹ ਜਲਦੀ ਹੀ ਜ਼ਮਾਨਤ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਬੂਹਾ ਖੜਕਾਉਣਗੇ। ਉੱਧਰ ਪ੍ਰਾਈਵੇਟ ਚੈਨਲ ਦੀ ਮੈਨੇਜਮੈਂਟ ਨੇ ਨੈਨਸੀ ਘੁੰਮਣ, ਮਿਸ ਪੰਜਾਬਣ ਮੁਕਾਬਲੇ ਤੇ ਚੈਨਲ ਵਿਚਕਾਰ ਕਿਸੇ ਕਿਸਮ ਦਾ ਕੋਈ ਸਬੰਧ ਸਾਬਤ ਕਰਨ ਵਾਲੇ ਵਿਅਕਤੀ ਨੂੰ ਇੱਕ ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੈ।