ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ , 4 ਨਵੰਬਰ
ਲਾਪਤਾ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਇਨਸਾਫ਼ ਅਤੇ ਦੋਸ਼ੀਆਂ ‘ਤੇ ਕੇਸ ਦਰਜ ਕਰਨ ਦੀ ਮੰਗ ਲਈ ਅੱਜ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਕਾਰਕੁਨਾਂ ਵੱਲੋਂ ਭੰਡਾਰੀ ਪੁਲ ਤੋਂ ਸ੍ਰੀ ਅਕਾਲ ਤਖ਼ਤ ਤੱਕ ਰੋਸ ਮਾਰਚ ਕੀਤਾ ਗਿਆ।
ਇਸ ਰੋਸ ਮਾਰਚ ਦੀ ਅਗਵਾਈ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਆਗੂ ਭਾਈ ਸੁਖਜੀਤ ਸਿੰਘ ਖੋਸਾ ਨੇ ਕੀਤੀ। ਇਸ ਰੋਸ ਮਾਰਚ ਵਿੱਚ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਤਰਨਾ ਦਲ ਦੇ ਆਗੂ ਬਾਬਾ ਰਾਜਾ ਸਿੰਘ ਨਿਹੰਗ, ਆਵਾਜ਼-ਏ ਕੌਮ ਦੇ ਪ੍ਰਧਾਨ ਨੋਬਲਜੀਤ ਸਿੰਘ ਬੁੱਲੋਵਾਲ, ਸਿੱਖ ਸਦਭਾਵਨਾ ਦਲ ਦੇ ਮੁਖੀ ਬਲਦੇਵ ਸਿੰਘ ਵਡਾਲਾ, ਲਖਬੀਰ ਸਿੰਘ ਮਹਾਲਮ, ਮਿਸ਼ਨਰੀ ਕਾਲਜ ਦੇ ਆਗੂ ਦਿਲਬਾਗ ਸਿੰਘ ਬਲੇਰ, ਮਨਜੀਤ ਸਿੰਘ ਝਬਾਲ, ਸਤਨਾਮ ਸਿੰਘ ਖੰਡਾ, ਜਥਾ ਸਿਰਲੱਥ ਖ਼ਾਲਸਾ ਦੇ ਪ੍ਰਧਾਨ ਦਿਲਬਾਗ ਸਿੰਘ ਸੁਲਤਾਨਵਿੰਡ ਅਤੇ ਗੁਰਭਾਗ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ। ਮਾਰਚ ‘ਚ ਸੰਗਤਾਂ ਨੇ ‘328 ਸਰੂਪਾਂ ਦਾ ਇਨਸਾਫ਼ ਦਿਓ, ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰੋ’ ਲਿਖੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ। ਇਸ ਰੋਸ ਮਾਰਚ ਦੌਰਾਨ ਬਾਦਲਾਂ ਖ਼ਿਲਾਫ਼ ਵੀ ਨਾਅਰੇ ਲੱਗੇ। ਪ੍ਰਦਰਸ਼ਨਕਾਰੀ ਆਗੂਆਂ ਸੁਖਜੀਤ ਸਿੰਘ ਖੋਸਾ, ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਲਾਪਤਾ 328 ਸਰੂਪਾਂ ਦੇ ਮਾਮਲੇ ‘ਚ ਦੋ ਸਾਲ ਬੀਤਣ ਦੇ ਬਾਵਜੂਦ ਵੀ ਇਨਸਾਫ਼ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਪਾਵਨ ਸਰੂਪਾਂ ਦੀ ਗੁਮਸ਼ੁਦਗੀ ਕਿਸੇ ਬੇਅਦਬੀ ਨਾਲੋਂ ਘੱਟ ਨਹੀਂ ਹੈ। ਉਨ੍ਹਾਂ ਕਿਹਾ ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ, ਸੰਘਰਸ਼ ਜਾਰੀ ਰਹੇਗਾ।