ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 7 ਅਕਤੂਬਰ
ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋ ਰਹੇ ਵਿਰੋਧ ਦੇ ਮੱਦੇਨਜ਼ਰ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸਿੱਖ ਸੰਸਥਾਵਾਂ, ਜਥੇਬੰਦੀਆਂ ਅਤੇ ਸਭਾ ਸੁਸਾਇਟੀਆਂ ਦੀ ਰਾਏ ਨੂੰ ਇਕਮਤ ਕਰਨ ਵਾਸਤੇ ਜਥੇਬੰਦੀਆਂ ਨਾਲ ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਇਸੇ ਤਹਿਤ ਭਾਈ ਲੌਂਗੋਵਾਲ ਨੇ ਪੰਥਕ ਮਸਲਿਆਂ ਨੂੰ ਲੈ ਕੇ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖ਼ਾਲਸਾ ਨਾਲ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਮਹਿਤਾ ਵਿੱਚ ਮੁਲਾਕਾਤ ਕੀਤੀ। ਇਸ ਤੋਂ ਇਲਾਵਾ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਬੀਤੇ ਦਿਨ ਨਿਹੰਗ ਜਥੇਬੰਦੀ ਦੇ ਆਗੂ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਨਾਲ ਵੀ ਮੁਲਾਕਾਤ ਕਰ ਚੁੱਕੇ ਹਨ। ਇਸ ਸਬੰਧ ਵਿਚ ਸ੍ਰੀ ਲੌਂਗੋਵਾਲ ਨੇ ਦੱਸਿਆ ਕਿ ਪੰਥਕ ਸ਼ਖ਼ਸੀਅਤਾਂ ਨਾਲ ਵਿਚਾਰ ਚਰਚਾ ਦਾ ਮੰਤਵ ਕੌਮ ਦੀ ਚੜ੍ਹਦੀ ਕਲਾ ਲਈ ਸਮੂਹਿਕ ਯਤਨ ਕਰਨਾ ਹੈ।
ਉਨ੍ਹਾਂ ਕਿਹਾ ਕਿ ਬਾਬਾ ਹਰਨਾਮ ਸਿੰਘ ਨਾਲ ਹੋਈ ਮਿਲਣੀ ਦੌਰਾਨ ਮੌਜੂਦਾ ਕੌਮੀ ਮਸਲਿਆਂ ਦੇ ਹੱਲ ਲਈ ਵਿਚਾਰਾਂ ਹੋਈਆਂ ਹਨ। ਇਸ ਮੀਟਿੰਗ ਦੇ ਵੇਰਵੇ ਭਾਵੇਂ ਜਾਰੀ ਨਹੀਂ ਕੀਤੇ ਗਏ, ਪਰ ਜਾਣਕਾਰੀ ਮੁਤਾਬਕ ਉਨ੍ਹਾਂ ਨੇ ਟਕਸਾਲ ਮੁਖੀ ਨਾਲ ਲਾਪਤਾ ਸਰੂਪਾਂ ਦੇ ਮਾਮਲੇ ਵਿਚ ਜਾਣਕਾਰੀ ਸਾਂਝੀ ਕੀਤੀ ਹੈ। ਸ਼੍ਰੋਮਣੀ ਕਮੇਟੀ ਇਸ ਮਾਮਲੇ ਵਿਚ ਪ੍ਰਚਾਰਕਾਂ ਦੀਆਂ ਵੱਖ ਵੱਖ ਟੀਮਾਂ ਨੂੰ ਸ਼ਰਧਾਲੂਆਂ ਕੋਲ ਭੇਜ ਕੇ ਇਨ੍ਹਾਂ ਸਰੂਪਾਂ ਦਾ ਪਤਾ ਲਾਉਣ ਦਾ ਯਤਨ ਕਰ ਰਹੀ ਹੈ।ਦੱਸਣਯੋਗ ਹੈ ਕਿ ਕੁਝ ਸਿੱਖ ਜਥੇਬੰਦੀਆਂ ਵਲੋਂ ਲਾਪਤਾ ਸਰੂਪਾਂ ਦੀ ਜਾਣਕਾਰੀ ਦੇਣ ਤੇ ਕਸੂਰਵਾਰਾਂ ਖਿਲਾਫ ਪੁਲੀਸ ਕਾਰਵਾਈ ਦੀ ਮੰਗ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਦਫਤਰ ਅੱਗੇ ਕਈ ਦਿਨਾਂ ਤੋਂ ਧਰਨਾ ਦਿੱਤਾ ਜਾ ਰਿਹਾ ਹੈ।