ਜੋਗਿੰਦਰ ਸਿੰਘ ਮਾਨ
ਮਾਨਸਾ, 29 ਨਵੰਬਰ
ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਦੇ ਟਰੈਕਟਰਾਂ ਅਤੇ ਹੋਰ ਵਾਹਨਾਂ ਦੀ ਮੁਫ਼ਤ ਸੇਵਾ ਕਰਨ ਵਾਲੇ ਮਕੈਨਿਕ ਦੇ ਸਾਥੀ ਦੀ ਦਿੱਲੀ ਨੇੜਲੇ ਨਾਕੇ ਉਪਰ ਖੜ੍ਹੀ ਕਾਰ ਨੂੰ ਰਾਤ ਸਮੇਂ ਅੱਗ ਲੱਗਣ ਕਾਰਨ ਵਿਚ ਹੀ ਸੜਕੇ ਮੌਤ ਹੋ ਗਈ। ਉਸ ਦੀ ਪਛਾਣ ਜਨਕ ਰਾਜ ਵਾਸੀ ਧਨੌਲਾ ਵੱਜੋਂ ਹੋਈ ਹੈ,ਜੋ ਅਤਿ ਗਰੀਬੀ ਦੀ ਹਾਲਤ ਵਿੱਚ ਪੈਂਚਰ ਲਾਉਂਦਾ ਸੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਜਨਕ ਰਾਜ ਆਪਣੇ ਇਕ ਸਾਥੀ ਗੁਰਜੰਟ ਸਿੰਘ ਮਿਸਤਰੀ ਨਾਲ ਆਇਆ ਸੀ, ਜੋ ਸੰਘਰਸ਼ੀ ਕਿਸਾਨਾਂ ਦੀ ਮੁਫ਼ਤ ਟਰੈਕਟਰ ਠੀਕ ਕਰਨ ਦੀ ਸੇਵਾ ਕਰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਮਿਸਤਰੀ ਨੂੰ ਇੱਕ ਟਰੈਕਟਰ ਠੀਕ ਕਰਨ ਲਈ ਕੱਲ੍ਹ ਬੁਲਾਇਆ ਗਿਆ ਸੀ ਅਤੇ ਉਸ ਦੇ ਨਾਲ ਹੀ ਜਨਕ ਰਾਜ ਆਇਆ ਸੀ। ਉਨ੍ਹਾਂ ਦੱਸਿਆ ਕਿ ਰਾਤ ਨੂੰ ਟਰੈਕਟਰ ਠੀਕ ਕਰਦਿਆਂ ਜਦੋਂ ਜਨਕ ਰਾਜ ਨੂੰ ਨੀਂਦ ਆਉਣ ਲੱਗੀ ਤਾਂ ਉਹ ਮਿਸਤਰੀ ਦੀ ਸਵਿਫਟ ਕਾਰ ਵਿਚ ਜਾਕੇ ਸੌਂ ਗਿਆ ਅਤੇ ਅੱਧੀ ਰਾਤ ਮਗਰੋਂ ਕਾਰ ਨੂੰ ਤਾਰਾਂ ਜੁੜਨ ਨਾਲ ਅੱਗ ਲੱਗ ਗਈ ਅਤੇ ਉਹ ਵਿਚੇ ਹੀ ਮੱਚ ਗਿਆ, ਜਦੋਂ ਕਿ ਕਾਰ ਬਿਲਕੁਲ ਰਾਖ ਬਣ ਗਈ। ਕਿਸਾਨ ਆਗੂ ਨੇ ਦੱਸਿਆ ਕਿ ਇਹ ਘਟਨਾ ਦਿੱਲੀ ਨੇੜੇ ਬਹਾਦਰ ਗੜ੍ਹ ਤੋਂ ਇੱਕ ਕਿਲੋਮੀਟਰ ਪਿਛੇ ਹਰਿਆਣਾ ਵਾਲੇ ਪਾਸੇ ਦੀ ਹੈ। ਉਨ੍ਹਾਂ ਪੰਜਾਬ ਅਤੇ ਹਰਿਆਣਾ ਸਰਕਾਰ ਤੋਂ ਮਾਰੇ ਗਏ ਜਨਕ ਰਾਜ ਦੇ ਪਰਿਵਾਰ ਦੀ ਸਹਾਇਤਾ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਹ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ ਅਤੇ ਪਰਿਵਾਰ ਵਿਚ ਉਸ ਦੀ ਪਤਨੀ ਤੋਂ ਇਲਾਵਾ ਇੱਕ ਬੇਟੀ ਅਤੇ ਇੱਕ ਬੇਟਾ ਹੈ, ਜੋ ਬੇਹੱਦ ਗਰੀਬੀ ਹਨ।