ਨਿੱਜੀ ਪੱਤਰ ਪ੍ਰੇਰਕ
ਜਲੰਧਰ, 24 ਜੁਲਾਈ
ਆਮ ਆਦਮੀ ਪਾਰਟੀ ਦੇ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਨੇ ਆਖਰਕਾਰ ਡਿਪਟੀ ਕਮਿਸ਼ਨਰ ਦਫਤਰ ਦੇ ਸਟਾਫ ਤੋਂ ਮੁਆਫ਼ੀ ਮੰਗ ਲਈ ਹੈ। ਉਨ੍ਹਾਂ ਆਪਣੇ ਫੇਸਬੁੱਕ ਪੇਜ਼ ’ਤੇ ਲਾਈਵ ਹੁੰਦਿਆਂ ਇਸ ਗੱਲ ਦਾ ਖੁਲਾਸਾ ਕੀਤਾ ਕਿ ਉਨ੍ਹਾਂ ਦਾ ਅਜਿਹਾ ਕੋਈ ਇਰਾਦਾ ਨਹੀਂ ਸੀ। ਆਪਣੇ ਫੇਸਬੁੱਕ ਪੇਜ਼ ’ਤੇ ਉਨ੍ਹਾਂ ਲਿਖਿਆ ਹੈ ਕਿ ਜੇ ਡੀਸੀ ਦਫਤਰ ਦੇ ਕਿਸੇ ਅਧਿਕਾਰੀ ਕਰਮਚਾਰੀ ਨੂੰ ਉਨ੍ਹਾਂ ਵੱਲੋਂ ਕੋਈ ਠੇਸ ਪਹੁੰਚੀ ਹੈ ਤਾਂ ਉਹ ਉਸ ਦੀ ਮੁਆਫ਼ੀ ਮੰਗਦੇ ਹਨ। ਵੀਡੀਓ ਵਿੱਚ ਵਿਧਾਇਕ ਨੇ ਕਿਹਾ ਕਿ ਡੀਸੀ ਦਫਤਰ ਦੇ ਬਾਹਰ ਕੁਝ ਅਜਿਹੇ ਲੋਕ ਹਨ ਜੋ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਹਨ। ਭਵਿੱਖ ਵਿੱਚ ਕੋਈ ਸ਼ਿਕਾਇਤ ਹੋਈ ਤਾਂ ਉਹ ਡੀਸੀ ਦੇ ਧਿਆਨ ’ਚ ਲਿਆਉਣਗੇ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਵਿਧਾਇਕ ਸ਼ੀਤਲ ਅੰਗੁਰਾਲ ਨੇ ਡੀਸੀ ਦਫ਼ਤਰ ਵਿੱਚ ਚੈਕਿੰਗ ਦੇ ਬਹਾਨੇ ਮੁਲਾਜ਼ਮਾਂ ਅਤੇ ਅਧਿਕਾਰੀਆਂ ’ਤੇ ਕਥਿਤ ਧੌਂਸ ਜਮਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਸੁਪਰਡੈਂਟ ਪਰਮਿੰਦਰ ਕੌਰ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਸਨ। ਉਨ੍ਹਾਂ ਇਹ ਸਾਰਾ ਕੁਝ ਫੇਸਬੁੱਕ ਪੇਜ਼ ’ਤੇ ਲਾਈਵ ਵੀ ਕੀਤਾ ਸੀ। ਵਿਧਾਇਕ ਵਿਰੁੱਧ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਨੇ 25 ਜੁਲਾਈ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਕਰਨ ਤੇ ਪੁਤਲੇ ਫੂਕਣ ਦਾ ਐਲਾਨ ਕੀਤਾ ਹੋਇਆ ਸੀ। ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਸੁਖਜੀਤ ਸਿੰਘ ਅਤੇ ਜਨਰਲ ਸਕੱਤਰ ਤੇਜਿੰਦਰ ਸਿੰਘ ਨੰਗਲ ਨੇ ਦੱਸਿਆ ਕਿ ਵਿਧਾਇਕ ਵੱਲੋਂ ਮੁਆਫੀ ਮੰਗ ਲੈਣ ਨਾਲ ਮਾਮਲਾ ਭਾਵੇਂ ਖਤਮ ਹੋ ਗਿਆ ਹੈ ਪਰ ਭਵਿੱਖ ਵਿੱਚ ਵੀ ਜੇ ਕੋਈ ਅਜਿਹਾ ਕਰੇਗਾ ਤਾਂ ਮੁਲਾਜ਼ਮ ਹੋਰ ਸਖ਼ਤ ਫੈਸਲਾ ਲੈਣਗੇ।