ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 8 ਫਰਵਰੀ
ਮੁੱਖ ਅੰਸ਼
- ਵਿਧਾਇਕ ਬੈਂਸ, ਦੋ ਭਰਾਵਾਂ ਸਣੇ 34 ਖ਼ਿਲਾਫ਼ ਕੇਸ ਦਰਜ
- ਬੈਂਸ ਨੂੰ ਬਾਰ ਰੂਮ ’ਚੋਂ ਹਿਰਾਸਤ ’ਚ ਲਿਆ
-
ਵਿਧਾਇਕ ਦਾ ਪੁੱਤਰ ਤੇ ਭਤੀਜੇ ਵੀ ਨਾਮਜ਼ਦ
-
ਕਾਂਗਰਸੀ ਉਮੀਦਵਾਰ ਕੜਵਲ ਤੇ ਸਾਥੀਆਂ ਦੇ ਨਾਲ ਸੋਮਵਾਰ ਨੂੰ ਹੋਇਆ ਸੀ ਝਗੜਾ
ਲੋਕ ਇਨਸਾਫ਼ ਪਾਰਟੀ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਮੰਗਲਵਾਰ ਕਮਿਸ਼ਨਰੇਟ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਵਿਧਾਇਕ ਬੈਂਸ ਨੂੰ ਪੁਲੀਸ ਨੇ ਉਸ ਸਮੇਂ ਗ੍ਰਿਫ਼ਤਾਰ ਕੀਤਾ, ਜਦੋਂ ਉਹ ਆਪਣੇ ਕੁਝ ਸਾਥੀਆਂ ਦੇ ਨਾਲ ਅਦਾਲਤੀ ਕੰਪਲੈਕਸ ’ਚ ਸਥਿਤ ਵਕੀਲਾਂ ਦੇ ਬਾਰ ਰੂਮ ’ਚ ਸਮਾਗਮ ਵਿੱਚ ਪੁੱਜੇ ਸਨ। ਪੁਲੀਸ ਨੂੰ ਜਿਵੇਂ ਹੀ ਬੈਂਸ ਦੇ ਉਥੇ ਪੁੱਜਣ ਦਾ ਪਤਾ ਲੱਗਿਆ ਤਾਂ ਪੁਲੀਸ ਨੇ ਬਾਰ ਰੂਮ ਨੂੰ ਘੇਰਾ ਪਾ ਲਿਆ। ਜੁਆਇੰਟ ਪੁਲੀਸ ਕਮਿਸ਼ਨਰ ਰਵਚਰਨ ਸਿੰਘ ਬਰਾੜ ਖ਼ੁਦ ਉਥੇ ਪੁੱਜੇ ਸਨ। ਉਨ੍ਹਾਂ ਨੂੰ ਲੋਕ ਇਨਸਾਫ਼ ਪਾਰਟੀ ਤੇ ਕਾਂਗਰਸੀ ਵਰਕਰਾਂ ਵਿਚਾਲੇ ਝਗੜੇ ਦੇ ਸਬੰਧ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਸਥਾਨਕ ਡਾਬਾ ਇਲਾਕੇ ਦੇ ਵਾਰਡ ਨੰਬਰ 38 ’ਚ ਸੋਮਵਾਰ ਦੇਰ ਸ਼ਾਮ ਨੂੰ ਲੋਕ ਇਨਸਾਫ਼ ਪਾਰਟੀ ਤੇ ਕਾਂਗਰਸੀ ਵਰਕਰਾਂ ਵਿਚਾਲੇ ਹੋਈ ਪੱਥਰਬਾਜ਼ੀ, ਭੰਨਤੋੜ ਤੇ ਕੁੱਟਮਾਰ ਅਤੇ ਗੋਲੀ ਚੱਲਣ ਦੇ ਮਾਮਲੇ ’ਚ ਥਾਣਾ ਸ਼ਿਮਲਾਪੁਰੀ ਪੁਲੀਸ ਵੱਲੋਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ, ਉਨ੍ਹਾਂ ਦੇ 2 ਭਰਾਵਾਂ, ਪੁੱਤਰ, ਭਤੀਜੇ, ਪੀਏ, ਪਾਰਟੀ ਦੇ ਕੌਂਸਲਰਾਂ ਸਮੇਤ 34 ਜਣਿਆਂ ਤੋਂ ਇਲਾਵਾ 100 ਤੋਂ 150 ਅਣਪਛਾਤੇ ਲੋਕਾਂ ਖ਼ਿਲਾਫ਼ ਕਤਲ ਦੀ ਕੋਸ਼ਿਸ਼, ਕੁੱਟਮਾਰ, ਭੰਨਤੋੜ ਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਕੇਸ ਕਮਲਜੀਤ ਸਿੰਘ ਕੜਵਲ ਦੇ ਨਜ਼ਦੀਕੀ ਸਾਥੀ ਚੰਡੀਗੜ੍ਹ ਰੋਡ ਸਥਿਤ ਸੈਕਟਰ 32 ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਪ੍ਰਿੰਕਲ ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ, ਜਿਸ ਵਿੱਚ ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ, ਉਨ੍ਹਾਂ ਦੇ ਲੜਕੇ ਅਜੈ ਪ੍ਰੀਤ ਸਿੰਘ ਬੈਂਸ, ਉਨ੍ਹਾਂ ਦੇ ਭਰਾ ਪਰਮਜੀਤ ਸਿੰਘ ਬੈਂਸ, ਭਰਾ ਕਰਮਜੀਤ ਸਿੰਘ ਬੈਂਸ, ਭਤੀਜੇ ਜੋਤ ਬੈਂਸ, ਸਾਬਕਾ ਕੌਂਸਲਰ ਗੁਰਪ੍ਰੀਤ ਸਿੰਘ ਖੁਰਾਣਾ, ਗੋਲਡੀ ਅਰਨੇਜਾ, ਬਿੱਟਾ ਕੌਂਸਲਰ, ਮਿੰਟਾ, ਰਾਜਾ ਫਿਲੌਰੀ, ਕੌਂਸਲਰ ਹਰਵਿੰਦਰ ਪਾਲ ਸਿੰਘ, ਕੌਂਸਲਰ ਸਵਰਨਦੀਪ ਸਿੰਘ ਚਹਿਲ, ਬਲਦੇਵ ਪ੍ਰਧਾਨ, ਬਲਵਿੰਦਰ ਬੰਟੀ, ਰਵਿੰਦਰ ਕਲਸੀ, ਰੋਬਿਨ, ਸਿਮਰਜੀਤ ਸਿੰਘ ਬੈਂਸ ਦੇ ਪੀਏ ਗੋਗੀ ਸ਼ਰਮਾ, ਪਵਨਦੀਪ ਸਿੰਘ ਮਦਾਨ, ਕਰਨ ਸਵੱਦੀ, ਦੀਪਕ ਮੈਨਰੂ, ਰਿੱਕੀ ਕਲਸੀ, ਯੋਗੇਸ਼ ਕੁਮਾਰ ਯੋਗੀ, ਕਿਰਨਦੀਪ ਸਿੰਘ, ਕੁਲਵਿੰਦਰ ਸਿੰਘ ਝੱਜ, ਡਿੰਪੀ ਵਿੱਜ, ਮਨਿੰਦਰ ਮਨੀ, ਸਰਬਜੀਤ ਜਨਕਪੁਰੀ, ਮਨੀਸ਼ ਵਿਨਾਇਕ, ਮਨੀਸ਼ ਸਿੰਗਲਾ, ਸੀ.ਆਰ. ਕੰਗ, ਰਵੀ ਫੁੱਟਾ, ਰਵੀ ਫੁੱਟਾ ਦੇ ਪਿਤਾ ਨੂੰ ਨਾਮਜ਼ਦ ਕਰਨ ਤੋਂ ਇਲਾਵਾ 100 ਤੋਂ 150 ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਵਿਧਾਇਕ ਬਲਵਿੰਦਰ ਬੈਂਸ ਪੁਲੀਸ ਦੀਆਂ ਗੱਡੀਆਂ ਅੱਗੇ ਲੰਮੇ ਪਏ
ਸਮਰਥਕ ਚਾਹੁੰਦੇ ਸਨ ਕਿ ਪੁਲੀਸ ਬੈਂਸ ਨੂੰ ਉਨ੍ਹਾਂ ਦੀ ਗੱਡੀ ’ਚ ਲੈ ਕੇ ਜਾਵੇ, ਪਰ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਪੁਲੀਸ ਦੀ ਗੱਡੀ ’ਚ ਹੀ ਲਿਜਾਣ ਦੀ ਗੱਲ ਕਹਿਣ ’ਤੇ ਮਾਹੌਲ ਤਣਾਅਪੂਰਨ ਹੋ ਗਿਆ। ਸਮਰਥਕ ਬੈਂਸ ਨੂੰ ਉਨ੍ਹਾਂ ਦੀ ਗੱਡੀ ਤੱਕ ਲਿਜਾਣ ਲਈ ਜ਼ੋਰ ਲਾਉਂਦੇ ਰਹੇ। ਪਰ ਪੁਲੀਸ ਵੱਲੋਂ ਬੈਂਸ ਨੂੰ ਪੂਰੀ ਤਰ੍ਹਾਂ ਘੇਰੇ ਜਾਣ ਕਾਰਨ ਸਮਰਥਕ ਅਜਿਹਾ ਨਾ ਕਰ ਸਕੇ। ਪੁਲੀਸ ਜਦੋਂ ਸਿਮਰਜੀਤ ਬੈਂਸ ਨੂੰ ਲਿਜਾਣ ਲੱਗੀ ਤਾਂ ਉਨ੍ਹਾਂ ਦੇ ਭਰਾ ਵਿਧਾਇਕ ਬਲਵਿੰਦਰ ਸਿੰਘ ਬੈਂਸ ਤੇ ਸਮਰਥਕ ਔਰਤਾਂ ਗੱਡੀ ਦੇ ਅੱਗੇ ਲੰਮੇ ਪੈ ਗਏ। ਪੁਲੀਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਖਿੱਚ ਕੇ ਪਿੱਛੇ ਕੀਤਾ ਅਤੇ ਪੁਲੀਸ ਅਧਿਕਾਰੀ ਗੱਡੀ ਭਜਾ ਕੇ ਚਲੇ ਗਏ। ਇੰਨਾ ਹੀ ਨਹੀਂ ਫਿਰੋਜ਼ਪੁਰ ਰੋਡ ’ਤੇ ਚੜ੍ਹਨ ਤੱਕ ਪੁਲੀਸ ਮੁਲਾਜ਼ਮ ਵੀ ਗੱਡੀਆਂ ਦੇ ਪਿੱਛੇ ਭੱਜਦੇ ਰਹੇ ਤਾਂ ਕਿ ਕੋਈ ਗੱਡੀ ਰੋਕ ਨਾ ਸਕੇ।
ਵਕੀਲਾਂ ਵੱਲੋਂ ਵਿਰੋਧ ਤੇ ਬੈਂਸ ਸਮਰਥਕਾਂ ਵੱਲੋਂ ਪੁਲੀਸ ਨਾਲ ਧੱਕਾ-ਮੁੱਕੀ
ਵਿਧਾਇਕ ਸਿਮਰਜੀਤ ਸਿੰਘ ਬੈਂਸ ਅਦਾਲਤੀ ਕੰਪਲੈਕਸ ਦੇ ਬਾਰ ਰੂਮ ’ਚ ਪੁੱਜੇ ਤਾਂ ਸਭ ਤੋਂ ਪਹਿਲਾਂ ਪੁਲੀਸ ਦੇ ਦੋ ਸਬ ਇੰਸਪੈਕਟਰ ਪੁੱਜੇ। ਇਸੇ ਦੌਰਾਨ ਪੁਲੀਸ ਦੇ ਸੀਨੀਅਰ ਅਧਿਕਾਰੀ ਵੀ ਉਥੇ ਪੁੱਜ ਗਏ। ਪਹਿਲਾਂ ਉਨ੍ਹਾਂ ਨੇ ਵਕੀਲਾਂ ਨੂੰ ਬੁਲਾ ਕੇ ਗੱਲ ਕੀਤੀ, ਪਰ ਵਕੀਲਾਂ ਦਾ ਵਿਰੋਧ ਦੇਖ ਸੀਨੀਅਰ ਪੁਲੀਸ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਗਈ। ਜਿਸ ਮਗਰੋਂ ਜੇਸੀਪੀ ਰਵਚਰਨ ਸਿੰਘ ਬਰਾੜ ਉਥੇ ਪੁੱਜੇ ਅਤੇ ਸਿੱਧੇ ਹੀ ਅਧਿਕਾਰੀਆਂ ਦੇ ਨਾਲ ਅੰਦਰ ਚਲੇ ਗਏ, ਪਰ ਵਕੀਲਾਂ ਨੇ ਵਿਰੋਧ ਸ਼ੁਰੂ ਕਰ ਦਿੱਤਾ। ਵਕੀਲਾਂ ਨੇ ਸਮਾਗਮ ਖਤਮ ਹੋਣ ਦੀ ਗੱਲ ਕੀਤੀ। ਜਿਸ ਤੋਂ ਬਾਅਦ ਸਾਰੇ ਗੇਟ ਬੰਦ ਕਰਵਾਏ ਗਏ। ਸਮਾਗਮ ਵੀ ਕਾਫ਼ੀ ਲੰਮਾ ਖਿੱਚ ਦਿੱਤਾ ਗਿਆ ਤੇ ਬੈਂਸ ਵਕੀਲਾਂ ਦੇ ਨਾਲ ਅੰਦਰ ਬੈਠੇ ਰਹੇ। ਪੁਲੀਸ ਦੇ ਅਧਿਕਾਰੀ ਵੀ ਕਾਫ਼ੀ ਸਮੇਂ ਤੱਕ ਉਡੀਕ ਕਰਦੇ ਰਹੇ। ਬੈਂਸ ਨੇ ਸਮਰਥਕਾਂ ਅਤੇ ਵਕੀਲਾਂ ਦੇ ਨਾਲ ਬਾਹਰ ਨਿਕਲ ਕੇ ਕਿਹਾ ਕਿ ਉਹ ਭੱਜਣਗੇ ਨਹੀਂ ਗ੍ਰਿਫ਼ਤਾਰੀ ਦੇਣਗੇ। ਵਕੀਲਾਂ ਵੱਲੋਂ ਬੈਂਸ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰਨ ’ਤੇ ਜੇਸੀਪੀ ਨੇ ਭਰੋਸਾ ਦਿੱਤਾ ਕਿ ਬੈਂਸ ਜਿਪਸੀ ’ਚ ਜਾਣਗੇ ਅਤੇ ਉਹ ਗੱਡੀ ਖ਼ੁਦ ਚਲਾਉਣਗੇ। ਵਿਧਾਇਕ ਦੇ ਸਮਰਥਕਾਂ ਨਾਲ ਧੱਕਾਮੁੱਕੀ ਦੌਰਾਨ ਪੁਲੀਸ ਨੇ ਜਬਰੀ ਬੈਂਸ ਨੂੰ ਜਿਪਸੀ ’ਚ ਬਿਠਾਇਆ ਤੇ ਜੇਸੀਪੀ ਖੁਦ ਗੱਡੀ ਨੂੰ ਚਲਾ ਕੇ ਉਥੋਂ ਕਾਫ਼ਲੇ ਨਾਲ ਰਵਾਨਾ ਹੋ ਗਏ।