ਮਹਿੰਦਰ ਸਿੰਘ ਰੱਤੀਆਂ
ਮੋਗਾ, 13 ਅਗਸਤ
ਇਥੇ ਕਾਂਗਰਸ ਵਿਧਾਇਕ ਅਤੇ ਸਿਵਲ ਹਸਪਤਾਲ ਦੀ ਮਹਿਲਾ ਡਾਕਟਰ ਦਰਮਿਆਨ ਹੋਈ ਤਕਰਾਰ ਤੋਂ ਬਾਅਦ ਡਾਕਟਰ ਦਾ ਲੁਧਿਆਣਾ ਵਿਖੇ ਕੀਤੇ ਗਏ ਤਬਾਦਲੇ ਤੋਂ ਪੀਸੀਐੱਮਐੱਸ ਐਸੋਸੀਏਸ਼ਨ ਦੀ ਅਗਵਾਈ ਹੇਠ ਸਿਹਤ ਕਾਮਿਆਂ ਦੀਆਂ ਜਥੇਬੰਦੀਆਂ ਨੇ ਸਰਕਾਰ ਤੇ ਵਿਧਾਇਕ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪੀਸੀਐੱਮਐੱਸ ਐਸੋਸੀਏਸ਼ਨ ਸੂਬਾਈ ਪ੍ਰਧਾਨ ਡਾ. ਗਗਨਦੀਪ ਸਿੰਘ, ਡਾ. ਸੰਜੀਵ ਜੈਨ, ਡਾ. ਇੰਦਰਬੀਰ ਸਿੰਘ ਗਿੱਲ, ਪੈਰਾ ਮੈਡੀਕਲ ਕਾਮਿਆਂ ਦੀ ਜਥੇਬੰਦੀ ਆਗੂ ਕੁਲਬੀਰ ਸਿੰਘ ਢਿੱਲੋਂ, ਮਹਿੰਦਰਪਾਲ ਲੂੰਬਾਂ, ਗੁਰਬਚਨ ਸਿੰਘ ਅਤੇ ਫ਼ਰਮਾਸਿਸਟ ਐਸੋਸ਼ੀਏਸ਼ਨ ਆਗੂ ਰਾਜ ਕੁਮਾਰ ਨੇ ਕਿਹਾ ਕਿ ਉਨ੍ਹਾਂ ਦਾ ਧਰਨਾ ਨਿਰੌਲ ਵਿਧਾਇਕ ਹਰਜੋਤ ਕਮਲ ਸਿੰਘ ਦੀ ਖ਼ਿਲਾਫ਼ ਹੈ। ਇਸ ਮੌਕੇ ਸਾਰੇ ਡਾਕਟਰਾਂ, ਫ਼ਰਮਾਸਿਸਟਾਂ ਤੇ ਸਿਹਤ ਕਾਮਿਆਂ ਨੇ ਕਾਲੀਆਂ ਪੱਟੀਆਂ ਬੰਨ੍ਹੀਆਂ ਹੋਈਆਂ ਸਨ। ਉਨ੍ਹਾਂ ਕਿਹਾ ਕਿ ਸਮੁੱਚੀ ਘਟਨਾ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਦੇ ਕਿਹਾ ਕਿ ਇਨਸਾਫ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰਹੇਗਾ। ਭਲਕੇ ਸਵੇਰੇ 10 ਤੋਂ ਬਾਅਦ ਦੁਪਹਿਰ 12 ਵਜੇ ਦੋ ਘੰਟੇ ਦੀ ਹੜਤਾਲ ਅਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਪ੍ਰਦਰਸ਼ਨ ਕੀਤਾ ਜਾਵੇਗਾ। ਜੇ ਫਿਰ ਵੀ ਬਦਲੀ ਰੱਦ ਨਾ ਕੀਤੀ ਅਤੇ ਵਿਧਾਇਕ ਵੱਲੋਂ ਜਨਤਕ ਮੁਆਫੀ ਨਾ ਮੰਗੀ ਤਾਂ ਸੋਮਵਾਰ ਤੋਂ ਸਾਰੇ ਜ਼ਿਲ੍ਹੇ ਵਿੱਚ ਸਿਹਤ ਸੇਵਾਵਾਂ ਠੱਪ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਡਾ. ਰੀਤੂ ਜੈਨ ਦੀ ਬਦਲੀ ਤੁਰੰਤ ਰੱਦ ਕਰਨ ਦੀ ਮੰਗ ਕਰਦੇ ਆਖਿਆ ਕਿ ਇਸ ਘਟਨਾ ਕਾਰਨ ਕਰੋਨਾ ਵਿੱਚ ਫਰੰਟਲਾਈਨ ਤੇ ਕੰਮ ਕਰ ਰਹੇ ਸਮੂਹ ਸਿਹਤ ਕਾਮਿਆਂ ਦਾ ਅਪਮਾਨ ਹੋਇਆ ਹੈ। ਇਸ ਮੌਕੇ ਡਾ. ਹਰਪ੍ਰੀਤ ਕੌਰ, ਡਾ. ਚਰਨਪ੍ਰੀਤ ਸਿੰਘ, ਡਾ. ਰੁਪਾਲੀ ਸੇਠੀ, ਪਰਮਿੰਦਰ ਸਿੰਘ, ਜਗਪਾਲ ਕੌਰ, ਮਨਵਿੰਦਰ ਕਟਾਰੀਆ ਤੇ ਜੋਗਿੰਦਰ ਮਾਹਲਾ ਨੇ ਸੰਬੋਧਨ ਕੀਤਾ।