ਮਹਿੰਦਰ ਸਿੰਘ ਰੱਤੀਆਂ
ਮੋਗਾ, 17 ਅਗਸਤ
ਇਥੇ ਸਥਾਨਕ ਕਾਂਗਰਸ ਵਿਧਾਇਕ ਅਤੇ ਸਿਵਲ ਹਸਪਤਾਲ ਦੀ ਮਹਿਲਾ ਮੈਡੀਕਲ ਅਫ਼ਸਰ ਦਰਮਿਆਨ ਹੋਈ ਤਕਰਾਰ ਮਗਰੋਂ ਮਹਿਲਾ ਡਾਕਟਰ ਦਾ ਕਥਿਤ ਸਿਆਸੀ ਦਬਾਅ ਹੇਠ ਲੁਧਿਆਣਾ ਵਿੱਚ ਤਬਾਦਲਾ ਕਰ ਦਿੱਤਾ ਗਿਆ ਸੀ। ਸਰਕਾਰੀ ਡਾਕਟਰਾਂ ਦੀ ਪੀਸੀਐੱਮਐੱਸ ਜਥੇਬੰਦੀ ਦੀ ਅਗਵਾਈ ਹੇਠ ਸਿਹਤ ਵਿਭਾਗ ਦੀਆਂ ਜਥੇਬੰਦੀਆਂ ਵੱਲੋਂ ਬਦਲੀ ਰੱਦ ਕਰਵਾਉਣ ਲਈ ਵਿੱਢੇ ਸੰਘਰਸ਼ ’ਚ ਸਰਕਾਰ ਨੂੰ ਝੁਕਣਾ ਪਿਆ ਤੇ ਡਾਕਟਰਾਂ ਨੇ ਜੇਤੂ ਰੈਲੀ ਮਗਰੋਂ ਸੰਘਰਸ਼ ਮੁਲਤਵੀ ਕਰ ਦਿੱਤਾ ਹੈ।
ਸਿਵਲ ਸਰਜਨ ਡਾ.ਅਮਨਪ੍ਰੀਤ ਕੌਰ ਬਾਜਵਾ ਨੇ ਧਰਨਾਕਾਰੀ ਡਾਕਟਰਾਂ ਤੇ ਸਿਹਤ ਵਿਭਾਗ ਦੀਆਂ ਜਥੇਬੰਦੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸੂਬੇ ਦੇ ਸਿਹਤ ਮੰਤਰੀ ਡਾ.ਬਲਬੀਰ ਸਿੰਘ ਸਿੱਧੂ ਨੇ ਸੁਨੇਹਾ ਦਿੱਤਾ ਕਿ ਮਹਿਲਾ ਡਾਕਟਰ ਰਿਤੂ ਜੈਨ ਨੂੰ ਸਿਵਲ ਹਸਪਤਾਲ ਵਿੱਚ ਬਤੌਰ ਮੈਡੀਕਲ ਅਫ਼ਸਰ ਦੀ ਡਿਊਟੀ ਤੋਂ ਫ਼ਾਰਗ ਨਹੀਂ ਕੀਤਾ ਜਾਵੇਗਾ ਤੇ ਉਨ੍ਹਾਂ ਦੀ ਬਦਲੀ ਵੀ ਰੱਦ ਕਰ ਦਿੱਤੀ ਗਈ ਹੈ। ਇਸ ਖੁਸ਼ਖਬਰੀ ਤੋਂ ਬਾਅਦ ਰੋਸ ਧਰਨੇ ਨੂੰ ਖ਼ਤਮ ਕਰਦਿਆਂ ਜੇਤੂ ਰੈਲੀ ਵਿੱਚ ਤਬਦੀਲ ਕਰ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਪੀਸੀਐੱਮਐੱਸ ਜਥੇਬੰਦੀ ਦੇ ਸੂਬਾਈ ਪ੍ਰਧਾਨ ਗਗਨਦੀਪ ਸਿੰਘ, ਡਾ.ਇੰਦਰਵੀਰ ਸਿੰਘ ਗਿੱਲ, ਡਾ.ਸੰਜੀਵ ਜੈਨ, ਡਾ.ਰਿਤੂ ਜੈਨ ਅਤੇ ਸਿਹਤ ਕਾਮਿਆਂ ਦੀਆਂ ਜਥੇਬੰਦੀਆਂ ਦੇ ਆਗੂ ਮਹਿੰਦਰ ਪਾਲ ਲੂੰਬਾਂ, ਕੁਲਬੀਰ ਸਿੰਘ ਢਿੱਲੋਂ, ਗੁਰਜੰਟ ਸਿੰਘ ਮਾਹਲਾ, ਗੁਰਬਚਨ ਸਿੰਘ, ਚਮਨ ਲਾਲ ਸੰਘੋਲੀਆ ਨੇ ਕਿਹਾ ਕਿ ਉਨ੍ਹਾਂ ਆਪਣੇ ਸੰਘਰਸ਼ ਵਿੱਚ ਜਿੱਤ ਪ੍ਰਾਪਤ ਕਰ ਲਈ ਹੈ। ਉਨ੍ਹਾਂ ਕਿਹਾ ਕਿ ਇਹ ਸਿਰੜੀ ਸੰਘਰਸ਼ ਦੀ ਵੱਡੀ ਜਿੱਤ ਹੈ ਤੇ ਸਰਕਾਰ ਨੂੰ ਸੱਚ ਅੱਗੇ ਝੁਕਣਾ ਪਿਆ।