ਮਲਕੀਤ ਸਿੰਘ ਟੋਨੀ/ਕੁਲਦੀਪ ਬਰਾੜ
ਜਲਾਲਾਬਾਦ/ਮੰਡੀ ਘੁਬਾਇਆ, 1 ਜੂਨ
ਇੱਥੇ ਨੇੜਲੇ ਕਈ ਪਿੰਡਾਂ ਵਿੱਚ ਸਾਲ 1992 ਤੋਂ ਟੇਲਾਂ ਉੱਤੇ ਪਾਣੀ ਨਾ ਪਹੁੰਚਣ ਤੋਂ ਪ੍ਰੇਸ਼ਾਨ ਲੋਕਾਂ ਦੀਆਂ ਆਸਾਂ ਨੂੰ ਉਸ ਵੇਲੇ ਬੂਰ ਪਿਆ, ਜਦੋਂ ਲੰਬੇ ਸਮੇਂ ਤੋਂ ਮਿਲ ਰਹੀਆਂ ਸ਼ਿਕਾਇਤਾਂ ’ਤੇ ਕਾਰਵਾਈ ਕਰਦਿਆਂ ਅੱਜ ਖ਼ੁਦ ਹਲਕਾ ਵਿਧਾਇਕ ਜਗਦੀਪ ਗੋਲਡੀ ਕੰਬੋਜ ਨੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਨਿਜ਼ਾਮ ਵਾਂ ਡਿਸਟਰੀਬਿਊਟਰੀ ’ਤੇ ਛਾਪਾ ਮਾਰਿਆ। ਵਿਧਾਇਕ ਨੇ ਅਧਿਕਾਰੀਆਂ ਨੂੰ ਨਾਜਾਇਜ਼ ਮੋਘੇ ਅਤੇ ਪਾਈਪਾਂ ਲਾਉਣ ਵਾਲਿਆਂ ਖ਼ਿਲਾਫ਼ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਵਿਧਾਇਕ ਗੋਲਡੀ ਕੰਬੋਜ ਨੇ ਖ਼ੁਦ ਮੋਟਰਸਾਈਕਲ ’ਤੇ ਬੈਠ ਕੇ ਨਹਿਰ ਦੀ ਪਟੜੀ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਸ਼ਹਿ ’ਤੇ ਇਲਾਕੇ ਵਿੱਚ ਵੱਡੀ ਮਾਤਰਾ ’ਚ ਨਹਿਰੀ ਪਾਣੀ ਦੀ ਚੋਰੀ ਹੁੰਦੀ ਰਹੀ ਹੈ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਪਤਾ ਲੱਗਿਆ ਕਿ ਕਈ ਜ਼ਿਮੀਦਾਰਾਂ ਨੇ ਵੱਡੇ-ਵੱਡੇ ਪੱਕੇ ਮੋਘੇ ਅਤੇ ਪਾਈਪਾਂ ਲਗਾ ਕੇ ਨਹਿਰੀ ਪਾਣੀ ਦੀ ਚੋਰੀ ਦਾ ਪ੍ਰਬੰਧ ਕੀਤਾ ਹੋਇਆ ਹੈ, ਜਿਵੇਂ ਉਨ੍ਹਾਂ ਨੂੰ ਕਿਸੇ ਦਾ ਡਰ ਹੀ ਨਾ ਹੋਵੇ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਕਿਸੇ ਵੀ ਤਰ੍ਹਾਂ ਦੀ ਬੇਈਮਾਨੀ ਅਤੇ ਚੋਰੀ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਲੋਕਾਂ ਨਾਲ ਵਾਅਦਾ ਕਰਦਿਆਂ ਕਿਹਾ ਕਿ ਸਰਹੱਦੀ ਪਿੰਡਾਂ ਵਿੱਚ ਟੇਲਾਂ ’ਤੇ ਪੈਂਦੀਆਂ ਜ਼ਮੀਨਾਂ ਤੱਕ ਨਹਿਰੀ ਪਾਣੀ ਹਰ ਹਾਲਤ ਪਹੁੰਚਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਅੱਜ ਫੜੇ ਗਏ ਸਾਰੇ ਮੋਘੇ ਤੇ ਪਾਈਪਾਂ ਦੇ ਮਾਲਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਝੋਨੇ ਦੇ ਸੀਜ਼ਨ ਲਈ ਇਲਾਕੇ ਦੀਆਂ ਨਹਿਰਾਂ ਵਿੱਚ 11 ਜੂਨ ਨੂੰ ਪਾਣੀ ਛੱਡਿਆ ਜਾਣਾ ਹੈ। ਅੱਜ ਦੀ ਇਸ ਕਾਰਵਾਈ ਦੌਰਾਨ ਨਹਿਰੀ ਵਿਭਾਗ ਵੱਲੋਂ ਵਿਧਾਇਕ ਨਾਲ ਦੋ ਐੱਸਡੀਐੱਮ, ਦੋ ਜੇਈ ਹਾਜ਼ਰ ਸਨ।