ਬੀਐੱਸ ਚਾਨਾ
ਸ੍ਰੀ ਆਨੰਦਪੁਰ ਸਾਹਿਬ, 14 ਸਤੰਬਰ
ਵਿਧਾਨ ਸਭਾ ਹਲਕਾ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਵੱਲੋਂ ਲੋਕ ਹਿੱਤ ਦੇ ਮੁੱਦਿਆਂ ਸਬੰਧੀ ਉਪ ਮੰਡਲ ਮੈਜਿਸਟ੍ਰੇਟ ਦਫ਼ਤਰ ਆਨੰਦਪੁਰ ਸਾਹਿਬ ਅਤੇ ਤਹਿਸੀਲਦਾਰ ਦਫ਼ਤਰ ਆਨੰਦਪੁਰ ਸਾਹਿਬ ਦਾ ਦੌਰਾ ਕੀਤਾ ਗਿਆ। ਪ੍ਰੰਤੂ ਜਦੋਂ ਉਹ ਸਵੇਰੇ ਤਕਰੀਬਨ 9.15 ਵਜੇ ਤਹਿਸੀਲਦਾਰ ਦਫ਼ਤਰ ਪਹੁੰਚੇ ਤਾਂ ਉਸ ਸਮੇਂ ਉੱਥੇ ਨਾ ਤਾਂ ਤਹਿਸੀਲਦਾਰ ਰਾਮ ਕ੍ਰਿਸ਼ਨ ਹਾਜ਼ਰ ਸਨ ਅਤੇ ਨਾ ਹੀ ਤਹਿਸੀਲਦਾਰ ਦਫ਼ਤਰ ਦਾ ਪੂਰਾ ਸਟਾਫ਼। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਉਪ ਮੰਡਲ ਮੈਜਿਸਟ੍ਰੇਟ ਦਫ਼ਤਰ ਵਿਖੇ ਪਹੁੰਚ ਕੇ ਉਪ ਮੰਡਲ ਮੈਜਿਸਟ੍ਰੇਟ ਮੈਡਮ ਕਨੂੰ ਗਰਗ ਨੂੰ ਫ਼ੋਨ ਕੀਤਾ ਕਿ ਉਹ ਉਨ੍ਹਾਂ ਦੀ ਉਨ੍ਹਾਂ ਦੇ ਦਫ਼ਤਰ ਵਿੱਚ ਉਡੀਕ ਕਰਦੇ ਹਨ। ਤਕਰੀਬਨ ਇੱਕ ਘੰਟਾ ਵਿਧਾਇਕ ਸੰਦੋਆ ਉਪ ਮੰਡਲ ਮੈਜਿਸਟ੍ਰੇਟ ਦਫ਼ਤਰ ਬੈਠੇ ਰਹੇ ਅਤੇ ਇੱਕ ਘੰਟੇ ਬਾਅਦ ਉਪ ਮੰਡਲ ਮੈਜਿਸਟ੍ਰੇਟ ਮੈਡਮ ਕਨੂੰ ਗਰਗ ਆਪਣੇ ਦਫ਼ਤਰ ਪਹੁੰਚੀ ਜਿਸ ਤੋਂ ਬਾਅਦ ਵਿਧਾਇਕ ਸੰਦੋਆ ਵੱਲੋਂ ਆਪਣੇ ਨਾਲ਼ ਆਏ ਲੋਕਾਂ ਦੇ ਮਸਲੇ ਹੱਲ ਕਰਵਾਏ ਗਏ। ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆਂ ਵਿਧਾਇਕ ਸੰਦੋਆ ਨੇ ਕਿਹਾ ਕਿ ਅਫ਼ਸਰਾਂ ਦੇ ਸਮੇਂ ਨਾਲ਼ ਆਪਣੇ ਦਫ਼ਤਰ ਨਾ ਪਹੁੰਚਣ ਕਾਰਨ ਉਨ੍ਹਾਂ ਨੂੰ ਬਹੁਤ ਨਿਰਾਸ਼ਾ ਹੋਈ ਹੈ ਕਿਉਂਕਿ ਜਨਤਾ ਦੇ ਟੈਕਸ ਨਾਲ਼ ਹੀ ਅਫ਼ਸਰਾਂ ਅਤੇ ਸਾਨੂੰ ਤਨਖਾਹ ਮਿਲ਼ਦੀ ਹੈ ਅਤੇ ਜੇਕਰ ਜਨਤਾ ਨੂੰ ਹੀ ਆਪਣੇ ਕੰਮਾਂ ਲਈ ਖੱਜਲ-ਖੁਆਰ ਹੋਣਾ ਪਵੇ ਤਾਂ ਇਹ ਬਹੁਤ ਅਫ਼ਸੋਸਜਨਕ ਹੈ। ਇਸ ਦੇ ਨਾਲ਼ ਹੀ ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਸਬੰਧੀ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਮੌਕੇ ’ਤੇ ਹੀ ਫੋਨ ਉੱਤੇ ਸ਼ਿਕਾਇਤ ਕਰ ਦਿੱਤੀ ਹੈ ਅਤੇ ਉਹ ਇਸ ਸਬੰਧੀ ਲਿਖਤੀ ਸ਼ਿਕਾਇਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਚੀਫ਼ ਸੈਕਟਰੀ ਪੰਜਾਬ ਨੂੰ ਦੇਣਗੇ।