ਮਹਿੰਦਰ ਸਿੰਘ ਰੱਤੀਆਂ/ਰਾਜਵਿੰਦਰ ਰੌਂਤਾ
ਬੱਧਨੀ ਕਲਾਂ (ਮੋਗਾ), 4 ਅਕਤੂਬਰ
ਖੇਤੀ ਕਾਨੂੰਨਾਂ ਖ਼ਿਲਾਫ਼ ਅਤੇ ਕਿਸਾਨਾਂ ਦੇ ਹੱਕ ’ਚ ਆਵਾਜ਼ ਬੁਲੰਦ ਕਰਦਿਆਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਦਾਅਵਾ ਕੀਤਾ ਕਿ ਮੋਦੀ ਸਰਕਾਰ ਅੰਬਾਨੀ ਅਤੇ ਅਡਾਨੀ ਵਰਗੇ ਕਾਰਪੋਰੇਟ ਘਰਾਣਿਆਂ ਦੀ ਕਠਪੁਤਲੀ ਬਣ ਕੇ ਰਹਿ ਗਈ ਹੈ। ਊਨ੍ਹਾਂ ਦੋਸ਼ ਲਾਇਆ ਕਿ ਦੇਸ਼ ਨੂੰ ਕੋਈ ਸਰਕਾਰ ਜਾਂ ਮੋਦੀ ਨਹੀਂ ਸਗੋਂ ਅੰਬਾਨੀ ਅਤੇ ਅਡਾਨੀ ਵਰਗੇ ਉਦਯੋਗਪਤੀ ਚਲਾ ਰਹੇ ਹਨ। ਊਨ੍ਹਾਂ ਕਿਹਾ ਕਿ ਕਿਸਾਨਾਂ ਦਾ ਐੱਮਐੱਸਪੀ ਖ਼ਤਮ ਕਰਕੇ ਸਿੱਧਾ-ਸਿੱਧਾ ਕਾਰੋਬਾਰੀਆਂ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ ਹੈ। ਬੱਧਨੀ ਕਲਾਂ ’ਚ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਊਨ੍ਹਾਂ ਐਲਾਨ ਕੀਤਾ ਕਿ ਜੇਕਰ ਕਾਂਗਰਸ ਪਾਰਟੀ ਦੀ ਕੇਂਦਰ ’ਚ ਸਰਕਾਰ ਬਣੀ ਤਾਂ ਊਹ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰ ਦੇਣਗੇ। ਇਥੋਂ ਟਰੈਕਟਰ ਰੈਲੀ ਦੀ ਸ਼ੁਰੂਆਤ ਵੀ ਹੋਈ ਤੇ ਪਿੰਡ ਲੋਪੋਂ (ਮੋਗਾ) ਮਗਰੋਂ ਜਗਰਾਓਂ ਦੇ ਪਿੰਡ ਚਕਰ, ਲੱਖਾ ਤੇ ਮਾਣੂਕੇ ਤੇ ਜੱਟਪੁਰਾ (ਰਾਏਕੋਟ) ਪੁੱਜੀ। ਟਰੈਕਟਰ ’ਤੇ ਰਾਹੁਲ ਗਾਂਧੀ ਦੇ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਵਾਰ ਸਨ ਜਦਕਿ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਊਸ ਟਰੈਕਟਰ ਨੂੰ ਚਲਾ ਰਹੇ ਸਨ।
ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਨਵੇਂ ਖੇਤੀ ਕਾਨੂੰਨ ਘੱਟੋ-ਘੱਟ ਸਮਰਥਨ ਮੁੱਲ ਅਤੇ ਐੱਫਸੀਆਈ ਦੀ ਖ਼ਰੀਦ ਪ੍ਰਣਾਲੀ ਨੂੰ ਖ਼ਤਮ ਕਰ ਦੇਣਗੇ ਜਿਸ ਨਾਲ ਕਿਸਾਨੀ ਦੀ ਰੀੜ੍ਹ ਦੀ ਹੱਡੀ ਟੁੱਟ ਜਾਵੇਗੀ। ਉਨ੍ਹਾਂ ਕਿਹਾ ਕਿ ਜਿਵੇਂ ਅੰਗਰੇਜ਼ਾਂ ਨੇ ਪੰਜਾਬ ਤੇ ਕਿਸਾਨਾਂ ਦਾ ਲੱਕ ਤੋੜ ਕੇ ਦੇਸ਼ ’ਤੇ ਕਬਜ਼ਾ ਕੀਤਾ ਸੀ, ਉਸੇ ਤਰ੍ਹਾਂ ਮੋਦੀ ਸਰਕਾਰ ਵੀ ਦੇਸ਼ ਦੇ ਕੁਝ ਅਰਬਪਤੀਆਂ ਲਈ ਕਿਸਾਨਾਂ ਦਾ ਲੱਕ ਤੋੜਨ ਉੱਤੇ ਤੁਲੀ ਹੋਈ ਹੈ। ਊਨ੍ਹਾਂ ਕਿਹਾ,‘‘ਅੰਬਾਨੀ ਤੇ ਅਡਾਨੀ ਦੀ ਕਿਸਾਨਾਂ ਦੀਆਂ ਜ਼ਮੀਨਾਂ ’ਤੇ ਅੱਖ ਹੈ ਅਤੇ ਮੋਦੀ ਜੀ ਇਹ ਜ਼ਮੀਨਾਂ ਅੰਬਾਨੀ ਤੇ ਅਡਾਨੀ ਨੂੰ ਲੈ ਕੇ ਦੇਣਾ ਚਾਹੁੰਦੇ ਹਨ।’’ ਉਨ੍ਹਾਂ ਇਹ ਵੀ ਕਿਹਾ ਕਿ ਅੰਬਾਨੀਆਂ ਦਾ ਮੀਡੀਆ ਮੋਦੀ ਨੂੰ ਸਾਰਾ ਦਿਨ ਵਿਖਾਉਂਦਾ ਰਹਿੰਦਾ ਹੈ। ਉਨ੍ਹਾਂ ਕਿਸਾਨਾਂ ਨੂੰ ਸਾਵਧਾਨ ਕਰਦਿਆਂ ਕਿਹਾ ਕਿ ਯੂਪੀਏ ਸਰਕਾਰ ਨੇ ਜ਼ਮੀਨ ਗ੍ਰਹਿਣ ਬਿੱਲ ਕਿਸਾਨਾਂ ਦੇ ਹੱਕ ਵਿਚ ਸੋਧਿਆ ਸੀ ਪਰ ਮੋਦੀ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਬਾਅਦ ਅਕਾਲੀਆਂ ਦੀ ਹਮਾਇਤ ਨਾਲ ਇਸ ਕਿਸਾਨ ਪੱਖੀ ਕਾਨੂੰਨ ਨੂੰ ਰੱਦ ਕਰ ਦਿੱਤਾ। ਕਾਂਗਰਸ ਆਗੂ ਨੇ ਕਿਹਾ ਕਿ ਦੇਸ਼ ਭਰ ਦੇ ਲੋਕਾਂ ਦਾ ਢਿੱਡ ਭਰਨ ਵਾਲੇ ਪੰਜਾਬ ਅਤੇ ਹਰਿਆਣਾ ਦੇ ਅੰਨਦਾਤਾ ਨੂੰ ਹੀ ਕੱਦੂਕਸ ਕੀਤਾ ਜਾ ਰਿਹਾ ਹੈ। ਉਨ੍ਹਾਂ ਪ੍ਰਧਾਨ ਮੰੰਤਰੀ ਨੂੰ ਸਵਾਲ ਕੀਤਾ ਕਿ ਕਰੋਨਾ ਦੇ ਦੌਰਾਨ ਖੇਤੀ ਆਰਡੀਨੈਂਸ ਲਿਆਉਣ ਦੀ ਕਾਹਲ ਕਿਉਂ ਕੀਤੀ ਗਈ। ‘ਮੋਦੀ ਜੀ ਆਖ ਰਹੇ ਹਨ ਇਹ ਕਾਨੂੰਨ ਕਿਸਾਨਾਂ ਦੇ ਹੱਕ ’ਚ ਹਨ ਤਾਂ ਫਿਰ ਦੇਸ਼ ਭਰ ਦਾ ਕਿਸਾਨ ਅੰਦੋਲਨ ਦੇ ਰਾਹ ਕਿਉਂ ਪਿਆ ਹੋਇਆ ਹੈ।’ ਪ੍ਰਧਾਨ ਮੰਤਰੀ ’ਤੇ ਲੋਕਾਂ ਨੂੰ ਗੁਮਰਾਹ ਕਰਨ ਦੇ ਦੋਸ਼ ਲਗਾਉਂਦਿਆਂ ਊਨ੍ਹਾਂ ਨੋਟਬੰਦੀ ਅਤੇ ਜੀਐੱਸਟੀ ਦੀਆਂ ਮਿਸਾਲਾਂ ਦਿੰਦਿਆਂ ਕਿਹਾ ਕਿ ਕੋਵਿਡ ਮਹਾਮਾਰੀ ਦੌਰਾਨ ਵੱਡੇ ਸਨਅਤਕਾਰਾਂ ਨੂੰ ਤਾਂ ਰਾਹਤ ਦਿੱਤੀ ਗਈ ਪਰ ਗਰੀਬਾਂ ਅਤੇ ਕਿਸਾਨਾਂ ਨੂੰ ਕੋਈ ਰਾਹਤ ਨਹੀਂ ਦਿੱਤੀ। ਇਸ ਮੌਕੇ ਉਨ੍ਹਾਂ ਉੱਤਰ ਪ੍ਰਦੇਸ਼ ਦੇ ਹਾਥਰਸ ਕਾਂਡ ਦੇ ਹਵਾਲੇ ਨਾਲ ਕਿਹਾ ਕਿ ਦੇਸ਼ ’ਚ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਰਹਿ ਗਈ ਹੈ ਅਤੇ ਅਪਰਾਧੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਪੀੜਤ ਪਰਿਵਾਰ ਨੂੰ ਹੀ ਘਰ ਵਿੱਚ ਬੰਦੀ ਬਣਾ ਦਿੱਤਾ ਜਾਂਦਾ ਹੈ।
ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਧੱਕੇਸ਼ਾਹੀ ਜ਼ਿਆਦਾ ਦਿਨ ਨਹੀਂ ਚਲੇਗੀ। ਊਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਮਾਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ‘ਸਾਡੇ ਕੋਲ ਇਕੋ-ਇਕ ਚੀਜ਼ ਸੀ, ਉਹ ਸੀ ਐੱਮਐੱਸਪੀ ’ਤੇ ਫ਼ਸਲ ਦੀ ਖਰੀਦ ਪਰ ਊਸ ਨੂੰ ਅੱਜ ਸਾਡੇ ਕੋਲੋਂ ਖੋਹਿਆ ਜਾ ਰਿਹਾ ਹੈ।’
ਕਾਂਗਰਸ ਪਾਰਟੀ ਦੇ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਹਰੀਸ਼ ਰਾਵਤ ਨੇ ਰਾਹੁਲ ਗਾਂਧੀ ਦਾ ਸਵਾਗਤ ਤੇ ਧੰਨਵਾਦ ਕਰਦਿਆਂ ਆਖਿਆ ਕਿ ਕੇਂਦਰ ਸਰਕਾਰ ਦੀ ਧੱਕੇਸ਼ਾਹੀ ਖ਼ਿਲਾਫ਼ ਦੇਸ਼ ਭਰ ਦਾ ਕਿਸਾਨ ਸੜਕਾਂ ਉੱਤੇ ਉਤਰਨ ਲਈ ਮਜਬੂਰ ਹੈ।
ਰਾਹੁਲ ਨੇ ਪਿੰਡ ਜੱਟਪੁਰਾ, ਚਕਰ, ਮਾਣੂੰਕੇ ਤੇ ਲੱਖਾ ਵਿੱਚ ਕੀਤਾ ਸੰਬੋਧਨ
ਰਾਏਕੋਟ/ਜਗਰਾਉਂ (ਰਾਮ ਗੋਪਾਲ ਰਾਏਕੋਟੀ/ਚਰਨਜੀਤ ਢਿੱਲੋਂ): ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਆਪਣੇ ਪੰਜਾਬ ਦੌਰੇ ਦੀ ਸ਼ੁਰੂਆਤ ਕਰਦਿਆਂ ਰਾਏਕੋਟ ਦੇ ਨੇੜਲੇ ਪਿੰਡ ਜੱਟਪੁਰਾ ਰੈਲੀ ਅਤੇ ਜਗਰਾਉਂ ਦੇ ਪਿੰਡ ਚਕਰ, ਮਾਣੂੰਕੇ, ਲੱਖਾ ਵਿੱਚ ਸੰਬੋਧਨ ਕੀਤਾ। ਪਿੰਡ ਚਕਰ ਵਿੱਚ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਅਤੇ ਜੱਟਪੁਰਾ ਰੈਲੀ ਵਿੱਚ ਲੋਕ ਸਭਾ ਮੈਂਬਰ ਡਾ. ਅਮਰ ਨੇ ਰਾਹੁਲ ਗਾਂਧੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਭਰਵਾਂ ਸਵਾਗਤ ਕੀਤਾ। ਰੈਲੀਆਂ ਨੂੰ ਸੰਬੋਧਨ ਕਰਦਿਆਂ ਕਾਂਗਰਸ ਆਗੂ ਰਾਹੁਲ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਦੇਸ਼ ਦੀ ਰੀੜ ਦੀ ਹੱਡੀ ਹੈ, ਮੋਦੀ ਸਰਕਾਰ ਇਸ ਨੂੰ ਤੋੜਨਾ ਚਾਹੁੰਦੀ ਹੈ, ਪਰ ਕਾਂਗਰਸ ਅਜਿਹਾ ਕਦੇ ਵੀ ਨਹੀਂ ਹੋਣ ਦੇਵੇਗੀ। ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਕਾਨੂੰਨ ਲਿਆ ਕੇ ਦੋ-ਤਿੰਨ ਅਰਬਪਤੀਆਂ ਨੂੰ ਹੀ ਫਾਇਦਾ ਪਹੁੰਚਾਇਆ ਹੈ। ਉਨ੍ਹਾਂ ਵਾਅਦਾ ਕੀਤਾ ਕਿ ਕੇਂਦਰ ’ਚ ਕਾਂਗਰਸ ਸਰਕਾਰ ਆਉਣ ’ਤੇ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇਗਾ। ਜਗਰਾਉਂ ਦੇ ਪਿੰਡ ਚਕਰ ਵਿੱਚ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਕੀਤੀ ਹੈ ਅਤੇ ਅੱਗੇ ਤੋਂ ਵੀ ਨਾਲ ਖੜ੍ਹਨ ਦਾ ਵਾਅਦਾ ਕਰਦੀ ਹੈ।
ਰਾਹੁਲ ਗਾਂਧੀ ਨੂੰ ਛੱਲੀ ਤੇ ਮਿੱਟੀ ਭੇਟ
ਚੰਡੀਗੜ (ਟ.ਨ.ਸ.): ‘ਖੇਤੀ ਬਚਾਓ ਯਾਤਰਾ’ ਦੌਰਾਨ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੂੰ ਕਿਸੇ ਨੇ ਛੱਲੀ ਭੇਟ ਕੀਤੀ ਅਤੇ ਕਿਸੇ ਨੇ ਪੰਜਾਬ ਦੀ ਮਿੱਟੀ। ਪਿੰਡ ਜੱਟਪੁਰਾ ’ਚ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਰਾਏਕੋਟ ਹਲਕੇ ਦੀਆਂ ਸਮੂਹ ਪੰਚਾਇਤਾਂ ਵੱਲੋਂ ਕਾਲੇ ਕਾਨੂੰਨਾਂ ਖ਼ਿਲਾਫ ਪਾਸ ਕੀਤੇ ਮਤੇ ਵੀ ਸੌਂਪੇ ਗਏ। ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਨੇ ਪਿੰਡ ਚੱਕਰ ਵਿੱਚ ਰਾਹੁਲ ਨੂੰ ‘ਪੰਜਾਬ ਦੀ ਮਿੱਟੀ’ ਭੇਟ ਕੀਤੀ। ਲੋਪੋਂ ਪਿੰਡ ’ਚ ਰਾਹੁਲ ਗਾਂਧੀ ਨੂੰ ਸੰਤ ਦਰਬਾਰ ਸੰਪਰਦਾਏ ਵੱਲੋਂ ਸਿਰੋਪਾ ਦਿੱਤਾ ਗਿਆ। ਮਾਣੂੰਕੇ ਪਿੰਡ ’ਚ ਮੱਕੀ ਕਾਸ਼ਤਕਾਰਾਂ ਭੁਪਿੰਦਰ ਸਿੰਘ ਪੱਪੂ ਅਤੇ ਰਣਜੀਤ ਸਿੰਘ ਨੇ ਕਿਸਾਨਾਂ ਵੱਲੋਂ ਰਾਹੁਲ ਦਾ ਧੰਨਵਾਦ ਉਨ੍ਹਾਂ ਨੂੰ ਛੱਲੀ ਭੇਟ ਕੀਤੀ। ਪਿੰਡ ਚੱਕਰ, ਲੱਖਾ ਅਤੇ ਮਾਣੂੰਕੇ ਵਿਚੋਂ ਟਰੈਕਟਰ ਰਾਹੀਂ ਲੰਘਦੇ ਹੋਏ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਨੂੰ ਮਿਲੇ।
ਹਰਦੀਪ ਪੁਰੀ ਦੇ ਬਿਆਨ ਨੇ ਹਰਸਿਮਰਤ ਬਾਦਲ ਦੀ ਪੋਲ ਖੋਲ੍ਹੀ: ਕੈਪਟਨ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਮੋਦੀ ਸਰਕਾਰ ਇਨ੍ਹਾਂ ਘਾਤਕ ਕਾਨੂੰਨਾਂ ਰਾਹੀਂ ਕਿਸਾਨੀ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦਿਆਂ ਕਿਹਾ,‘‘ਅਸੀਂ ਇਕਜੁੱਟ ਹੋ ਕੇ ਇਨ੍ਹਾਂ ਕਾਨੂੰਨਾਂ ਨੂੰ ਬਦਲ ਦੇਵਾਂਗੇ। ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਤੋਂ ਜੰਗ ਸ਼ੁਰੂ ਹੋ ਗਈ ਹੈ।’’ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਸੋਚ ਕਿਸਾਨ, ਲੋਕ ਤੇ ਵਪਾਰਕ ਮਾਰੂ ਹੈ, ਜਿਸ ਨੂੰ ਕਿਸੇ ਵੀ ਹਾਲਤ ’ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਕਾਲੀ ਦਲ ’ਤੇ ਵਰ੍ਹਦਿਆਂ ਊਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜਦੋਂ ਖੇਤੀ ਆਰਡੀਨੈਂਸਾਂ ਨੂੰ ਪ੍ਰਵਾਨਗੀ ਦਿੱਤੀ ਗਈ ਸੀ ਤਾਂ ਉਦੋਂ ਹਰਸਿਮਰਤ ਕੌਰ ਬਾਦਲ ਨੇ ਸਹਿਮਤੀ ਦਿੱਤੀ ਸੀ ਅਤੇ ਕੇਂਦਰੀ ਵਜ਼ਾਰਤਾਂ ਦੀਆਂ ਮੀਟਿੰਗਾਂ ’ਚ ਕਦੇ ਵੀ ਇਸ ਦਾ ਵਿਰੋਧ ਨਹੀਂ ਕੀਤਾ। ਊਨ੍ਹਾਂ ਕਿਹਾ ਕਿ ਹੁਣ ਅਕਾਲੀ ਆਗੂਆਂ ਦੇ ਸੁਰ ਬਦਲ ਗਏ ਹਨ। ਸੁਖਬੀਰ ’ਤੇ ਨਿਸ਼ਾਨਾ ਕੱਸਦਿਆਂ ਕੈਪਟਨ ਨੇ ਕਿਹਾ ਕਿ ਊਹ ਪੰਜ ਸਵਾਲ ਪੁੱਛ ਕੇ ਕਿਸਾਨਾਂ ਨੂੰ ਗੁਮਰਾਹ ਕਰ ਰਿਹਾ ਹੈ। ਮੁੱਖ ਮੰਤਰੀ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਭਾਜਪਾ ਤੇ ਅਕਾਲੀਆਂ ’ਤੇ ਕਦੇ ਵੀ ਵਿਸ਼ਵਾਸ ਨਾ ਕਰਨ ਕਿਊਂਕਿ ਦੋਵੇਂ ਹੀ ਧੋਖੇਬਾਜ਼ ਹਨ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਨੂੰ ਇਕਜੁੱਟ ਹੋ ਕੇ ਖੇਤੀ ਕਾਨੂੰਨਾਂ ਖ਼ਿਲਾਫ਼ ਲੜਾਈ ਲਈ ਮੈਦਾਨ ਵਿੱਚ ਡੱਟਣਾ ਚਾਹੀਦਾ ਹੈ। ਊਨ੍ਹਾਂ ਕਿਹਾ ਕਿ ਕੌਮੀ ਪੱਧਰ ’ਤੇ ਐੱਮਐੱਸਪੀ ਵੀ ਕਾਂਗਰਸ ਨੇ ਹੀ ਸ਼ੁਰੂ ਕੀਤੀ ਸੀ।