ਗੁਰਦੀਪ ਸਿੰਘ ਲਾਲੀ/ਹਰਦੀਪ ਸਿੰਘ ਸੋਢੀ
ਸੰਗਰੂਰ/ਧੂਰੀ, 10 ਅਕਤੂਬਰ
ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਜਿੱਥੇ ਦੇਸ਼ ਵਿੱਚ ਪੈਦਾ ਹੋਏ ਬਿਜਲੀ ਸੰਕਟ ਨੂੰ ਕੇਂਦਰ ਵਿਚਲੀ ਮੋਦੀ ਸਰਕਾਰ ਦੀ ਡੂੰਘੀ ਸਾਜ਼ਿਸ਼ ਕਰਾਰ ਦਿੱਤਾ ਹੈ, ਉੱਥੇ ਪੰਜਾਬ ਹੀ ਦੀਆਂ ਸਰਕਾਰੀ ਸਿਹਤ ਸੇਵਾਵਾਂ ਦੀ ਤਰਸਯੋਗ ਹਾਲਤ ਲਈ ਕਾਂਗਰਸ ਅਤੇ ਅਕਾਲੀ-ਭਾਜਪਾ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ। ਉਹ ਇੱਥੇ ਪਾਰਟੀ ਆਗੂ ਸੰਦੀਪ ਸਿੰਗਲਾ ਦੀ ਯਾਦ ’ਚ ਪਰਿਵਾਰ ਵੱਲੋਂ ਧੂਰੀ ’ਚ ਕਰਵਾਏ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਮਗਰੋਂ ਪੁੱਜੇ ਸਨ। ਇੱਥੇ ਉਨ੍ਹਾਂ ‘ਆਪ’ ਆਗੂ ਮਿੰਕੂ ਜਵੰਧਾ ਦੇ ਦਫ਼ਤਰ ਵਿੱਚ ਮੀਡੀਆ ਨਾਲ ਗੱਲਬ ਕਰਦਿਆਂ ਕਿਹਾ ਕਿ ਬਿਜਲੀ ਸੰਕਟ ਕੇਂਦਰ ਸਰਕਾਰ ਵੱਲੋਂ ਇੱਕ ਡੂੰਘੀ ਸਾਜ਼ਿਸ਼ ਤਹਿਤ ਪੈਦਾ ਕੀਤਾ ਜਾ ਰਿਹਾ ਹੈ ਜਦੋਂਕਿ ਬਿਜਲੀ ਦੇ ਉਤਪਾਦਨ ਦੀ ਸਮਰੱਥਾ ਦੇਸ਼ ਵਿੱਚ ਇਸ ਦੀ ਮੰਗ ਨਾਲੋਂ ਕਿਤੇ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਕੁੱਲ ਬਿਜਲੀ ਉਤਪਾਦਨ ਸਮਰੱਥਾ 340000 ਮੈਗਾਵਾਟ ਹੈ, ਜਿਸ ਦੇ ਮੁਕਾਬਲੇ ਪੂਰੇ ਦੇਸ਼ ਵਿੱਚ 100000 ਮੈਗਾਵਾਟ ਦੀ ਹੀ ਮੰਗ ਹੈ।