ਰਮੇਸ਼ ਭਾਰਦਵਾਜ
ਲਹਿਰਾਗਾਗਾ, 7 ਜਨਵਰੀ
ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਦਾਅਵਾ ਕੀਤਾ ਹੈ ਕਿ ਫ਼ਿਰੋਜ਼ਪੁਰ ਵਿਚ ਹੋਣ ਵਾਲੀ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਬੁਰੀ ਤਰ੍ਹਾਂ ਫਲਾਪ ਹੋਈ ਹੈ। ਲੱਖ ਕੁਰਸੀਆਂ ਲਾਈਆਂ ਗਈਆਂ ਜਿਨ੍ਹਾਂ ’ਤੇ ਸੌ ਵਿਅਕਤੀ ਵੀ ਨਹੀਂ ਸਨ ਬੈਠੇ, ਜਿਸ ਨੂੰ ਦੇਖ ਕੇ ਮੋਦੀ ਮੋਗੇ ਤੋਂ ਹੀ ਵਾਪਸ ਮੁੜ ਗਿਆ ਅਤੇ ਕੈਪਟਨ ਖਾਲੀ ਕੁਰਸੀਆਂ ਦੇਖ ਕੇ ਵਾਪਸ ਆ ਗਿਆ।
ਬੀਬੀ ਭੱਠਲ ਨੇ ਕਿਹਾ, ‘‘ਉੱਠਿਆ ਆਪ ਤੋਂ ਨਾ ਜਾਵੇ ਤੇ ਫਿੱਟੇ ਮੂੰਹ ਗੋਡਿਆਂ ਨੂੰ’, ਵਾਲੀ ਕਹਾਵਤ ਮੋਦੀ ਸਾਹਿਬ ’ਤੇ ਸਿੱਧ ਹੁੰਦੀ ਹੈ ਕਿਉਂਕਿ ਮੋਦੀ ਦਾ ਹੈਲੀਕੈਪਟਰ ਸਿੱਧੇ ਫਿਰੋਜਪੁਰ ਉਤਰ ਸਕਦਾ ਸੀ। ਆਧੁਨਿਕ ਸਹੂਲਤਾਂ ਵਾਲੇ ਹੈਲੀਕਾਪਟਰ ਲਈ ਬਾਰਿਸ਼ ਰੁਕਾਵਟ ਨਹੀਂ ਬਣਦੀ।’’ ਉਨ੍ਹਾਂ ਕਿਹਾ, ‘‘ਪੰਜਾਬ ਸਰਕਾਰ ਨਾਕਾਮ ਨਹੀਂ ਹੋਈ ਹੈ ਬਲਕਿ ਮੋਦੀ ਦੀਆਂ ਏਜੰਸੀਆਂ ਫੇਲ੍ਹ ਹੋਈਆਂ ਹਨ। ਦਸ ਹਜ਼ਾਰ ਸਿਪਾਹੀ ਮੌਜੂਦ ਸਨ ਅਤੇ ਪੰਜਾਹ ਕਿਲੋਮੀਟਰ ਤੱਕ ਬੀਐੱਸਐੱਫ ਨੇ ਰਸਤੇ ਖਾਲੀ ਕਰਵਾਏ ਹੋਏ ਸਨ। ਕੇਂਦਰ ਦੀਆਂ ਏਜੰਸੀਆਂ ਕਈ ਦਿਨਾਂ ਤੋਂ ਲੱਗੀਆਂ ਹੋਈਆਂ ਸਨ। ਫਿਰ ਮੋਦੀ ਪੰਜਾਬ ਸਰਕਾਰ ਨੂੰ ਦੋਸ਼ ਕਿਉਂ ਦੇ ਰਿਹਾ ਹੈ।’’ ਉਨ੍ਹਾਂ ਕਿਹਾ, ‘‘ਮੌਸਮ ਖ਼ਰਾਬ ਹੋਣ ਬਾਰੇ ਏਜੰਸੀਆਂ ਨੂੰ ਅੱਜਕੱਲ੍ਹ ਸਭ ਪਤਾ ਹੁੰਦਾ ਹੈ, ਰੈਲੀ ਅੱਗੇ-ਪਿੱਛੇ ਵੀ ਰੱਖੀ ਜਾ ਸਕਦੀ ਸੀ। ਇਸ ਲਈ ਭਾਰਤ ਦੇ ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਨੂੰ ਦੇਸ਼ ਛੱਡ ਦੇਣਾ ਚਾਹੀਦਾ ਹੈ।’’ ਬੀਬੀ ਭੱਠਲ ਨੇ ਕੈਪਟਨ ਅਮਰਿੰਦਰ ਸਿੰਘ ’ਤੇ ਵਰ੍ਹਦਿਆਂ ਕਿਹਾ, ‘‘ਉਨ੍ਹਾਂ ਦਾ ਰਾਜ ਨਹੀਂ ਰਿਹਾ ਅਤੇ ਹੋਰ ਨੂੰ ਕਰਨ ਨਹੀਂ ਦੇਣਾ। ਇਸ ਲਈ ਲੋਕ ਉਨ੍ਹਾਂ ਨੂੰ ਮੁਆਫ਼ ਨਹੀਂ ਕਰਨਗੇ।’’