ਸਰਬਜੀਤ ਸਿੰਘ ਭੰਗੂ
ਪਟਿਆਲਾ, 7 ਜਨਵਰੀ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ’ਚ ਖਾਮੀਆਂ ਦੇ ਦੋਸ਼ਾਂ ਨੂੰ ਨਕਾਰਦਿਆਂ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਦੇ ਦੌਰਾ ਵਿਚਾਲੇ ਛੱਡ ਕੇ ਦਿੱਲੀ ਪਰਤਣ ਦਾ ਮੁੱਖ ਕਾਰਨ ਫਿਰੋਜ਼ਪੁਰ ਰੈਲੀ ਲਈ ਲੋਕਾਂ ਦੀ ਭੀੜ ਨਾ ਜੁੜਨਾ ਸੀ। ਉਨ੍ਹਾਂ ਕਿਹਾ ਕਿ ਰੈਲੀ ਵਿੱਚ ਲਾਈਆਂ 70 ਹਜ਼ਾਰ ਕੁਰਸੀਆਂ ’ਤੇ ਸਿਰਫ਼ 700 ਬੰਦੇ ਹੀ ਬੈਠੇ ਸਨ। ਕੈਪਟਨ ਅਮਰਿੰਦਰ ਸਿੰਘ ਖਾਲੀ ਕੁਰਸੀਆਂ ਨੂੰ ਹੀ ਸੰਬੋਧਨ ਕਰਦੇ ਰਹੇ। ਚੰਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਰੈਲੀ ਦੀ ਅਸਫ਼ਲਤਾ ਦਾ ਠੀਕਰਾ ਹੁਣ ਪੰਜਾਬ ਸਰਕਾਰ ਸਿਰ ਭੰਨ ਰਹੇ ਹਨ। ਕੈਪਟਨ ਅਤੇ ਢੀਂਡਸਾ ਧੜਿਆਂ ਦੇ ਭਾਜਪਾ ਨਾਲ ਹੱਥ ਮਿਲਾਉਣ ਦੇ ਬਾਵਜੂਦ ਪੰਜਾਬ ਵਾਸੀਆਂ ਵੱਲੋਂ ਭਾਜਪਾ ਨੂੰ ਨਕਾਰਨ ਦੀ ਬੁਖਲਾਹਟ ਦਾ ਗੁੱਸਾ ਪ੍ਰਧਾਨ ਮੰਤਰੀ ਪੰਜਾਬ ਨੂੰ ਬਦਨਾਮ ਕਰਕੇ ਕੱਢ ਰਹੇ ਹਨ। ਪਟਿਆਲਾ ਜ਼ਿਲ੍ਹੇ ਦੀ ਫੇਰੀ ਮੌਕੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਪਣੀ ਸਰਕਾਰ ਦੀ ਸੌ ਦਿਨਾਂ ਦੀਆਂ ਪ੍ਰਾਪਤੀਆਂ ਨੂੰ ਗਿਣਾਉਂਦਿਆਂ ਮੁੱਖ ਮੰਤਰੀ ਨੇ ਪੰਜਾਬ ਵਾਸੀਆਂ ਕੋਲੋਂ ਇਨ੍ਹਾਂ ਦੇ ਨਾਮ ’ਤੇ ਵੋਟਾਂ ਵੀ ਮੰਗੀਆਂ। ਚੰਨੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਸੌ ਦਿਨਾਂ ਦਾ ਕੰਮ ਬਾਦਲ ਤੇ ਕੈਪਟਨ ਦੇ ਸਾਢੇ ਚੌਦਾਂ ਸਾਲ ਦੇ ਕਾਰਜਕਾਲ ’ਤੇ ਵੀ ਭਾਰੂ ਹਨ। ਬਾਦਲ ਤੇ ਕੈਪਟਨ ਨੂੰ ਦੇਖ ਚੁੱਕੇ ਪੰਜਾਬ ਵਾਸੀ ਜੇਕਰ ਪਰਖ ਵਜੋਂ ਉਨ੍ਹਾਂ ਨੂੰ ਵੀ ਇੱਕ ਵਾਰ ਮੌਕਾ ਦੇਣ, ਤਾਂ ਪੰਜਾਬ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਜਾਵੇਗੀ। ਇਸ ਦੌਰਾਨ ਮੁੱਖ ਮੰਤਰੀ ਚੰਨੀ ਨੇ ਸਾਧੂ ਸਮਾਜ ਦੀ ਨੁਮਾਇੰਦਗੀ ਕਰਦੇ ਮਹੰਤ ਆਤਮਾ ਰਾਨ ਨੂੰ ਕੈਬਨਿਟ ਰੈਂਕ ਦੇਣ ਦਾ ਐਲਾਨ ਕੀਤਾ ਹੈ।
ਭਾਜਪਾ ਪ੍ਰਦਰਸ਼ਨਕਾਰੀਆਂ ਨੂੰ ਗੱਡੀ ’ਚੋਂ ਉਤਰ ਕੇ ਮਿਲੇ ਚੰਨੀ
ਰਾਜਪੁਰਾ (ਬਹਾਦਰ ਸਿੰਘ ਮਰਦਾਂਪੁਰ): ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਾਜਪੁਰਾ ਫੇਰੀ ਦੌਰਾਨ ਭਾਜਪਾ ਵਰਕਰਾਂ ਨੇ ਅੱਜ ਉਨ੍ਹਾਂ ਨੂੰ ਕਾਲੀ ਝੰਡੀਆਂ ਦਿਖਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ’ਚ ਹੋਈ ਕੁਤਾਹੀ ਦਾ ਵਿਰੋਧ ਜਤਾਇਆ। ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵਿਕਾਸ ਵਿੱਕੀ ਘਨੌਰ, ਜਰਨੈਲ ਸਿੰਘ ਹੈਪੀ ਪਿੱਲਖਣੀ, ਡਾ. ਨੰਦ ਲਾਲ, ਮੰਡਲ ਪ੍ਰਧਾਨ ਵਿਜੈ ਮੈਨਰੋ ਅਤੇ ਪ੍ਰਦੀਪ ਨੰਦਾ ਦੀ ਅਗਵਾਈ ਵਿੱਚ ਭਾਜਪਾ ਵਰਕਰਾਂ ਨੇ ਗਗਨ ਚੌਕ ’ਚ ਕਾਲੀ ਝੰਡੀਆਂ ਦਿਖਾਉਂਦਿਆਂ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਭਾਜਪਾ ਵਰਕਰਾਂ ਵੱਲੋਂ ਪੰਜਾਬ ਸਰਕਾਰ ਖਿਲਾਫ਼ ਵੀ ਨਾਅਰੇਬਾਜ਼ੀ ਕੀਤੀ ਗਈ। ਜਿਵੇਂ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਾਫ਼ਲਾ ਚੰਡੀਗੜ੍ਹ ਵੱਲੋਂ ਰਾਜਪੁਰਾ ਵਿੱਚ ਦਾਖ਼ਲ ਹੋਣ ਲਈ ਗਗਨ ਚੌਕ ਪੁੱਜਿਆ ਤਾਂ ਭਾਜਪਾ ਵਰਕਰਾਂ ਨੇ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਵਿਖਾਈਆ। ਇਸ ਦੌਰਾਨ ਮੁੱਖ ਮੰਤਰੀ ਚੰਨੀ ਆਪਣਾ ਕਾਫ਼ਲਾ ਰੋਕ ਕੇ ਗੱਡੀ ਵਿੱਚੋਂ ਉਤਰ ਕੇ ਪ੍ਰਦਰਸ਼ਨਕਾਰੀਆਂ ਕੋਲ ਜਾ ਪੁੱਜੇ। ਮੁੱਖ ਮੰਤਰੀ ਨੇ ਉਨ੍ਹਾਂ ਕੋਲੋਂ ਰੋਸ ਪ੍ਰਦਰਸ਼ਨ ਦਾ ਕਾਰਨ ਪੁੱਛਿਆ ਜਿਸ ’ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਿਕਾਸ ਵਿੱਕੀ ਅਤੇ ਹੋਰਾਂ ਨੇ ਆਖਿਆ ਕਿ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਨਾਲ ਫ਼ਿਰੋਜ਼ਪੁਰ ਫੇਰੀ ਦੌਰਾਨ ਖਿਲਵਾੜ ਹੋ ਸਕਦਾ ਹੈ ਤਾਂ ਆਮ ਨਾਗਰਿਕਾਂ ਦਾ ਕੀ ਬਣੇਗਾ। ਉਨ੍ਹਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਨਾਲ ਖਿਲਵਾੜ ਕਰਨ ਲਈ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਮੁੱਖ ਮੰਤਰੀ ਚੰਨੀ ਨੇ ਭਾਜਪਾ ਆਗੂਆਂ ਨੂੰ ਆਖਿਆ,‘‘ਪ੍ਰਧਾਨ ਮੰਤਰੀ ਸਿਰਫ਼ ਤੁਹਾਡੇ ਹੀ ਨਹੀਂ ਸਗੋਂ ਮੇਰੇ ਵੀ ਹਨ।’’ ਸ੍ਰੀ ਚੰਨੀ ਪੰਜਾਬ ’ਚ ਸਾਰਿਆਂ ਨੂੰ ਅਮਨ-ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕਰਦਿਆਂ ਅਗਲੇ ਸਫ਼ਰ ਲਈ ਰਵਾਨਾ ਹੋ ਗਏ।