ਗੁਰਦੀਪ ਸਿੰਘ ਟੱਕਰ
ਮਾਛੀਵਾੜਾ ਸਾਹਿਬ, 6 ਜਨਵਰੀ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਫਿਰੋਜ਼ਪੁਰ ਵਿਖੇ ਭਾਜਪਾ ਦੀ ਰੈਲੀ ਵਿਚ ਲੋਕ ਨਹੀਂ ਪਹੁੰਚੇ, ਜਿਸ ਕਾਰਨ ਉਹ ਸੁਪਰ ਫਲਾਪ ਹੋਈ ਅਤੇ ਸੰਬੋਧਨ ਕਰਨ ਆ ਰਹੇ ਦੇਸ਼ ਦੇ ਪ੍ਰਧਾਨ ਮੰਤਰੀ ਇਸ ਕਾਰਨ ਮੁੜ ਗਏ। ਉਹ ਹੁਣ ਪੰਜਾਬ ਤੇ ਪੰਜਾਬੀਅਤ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਲੋਕਾਂ ਦਾ ਵਿਰੋਧ ਅਤੇ ਸੁਰੱਖਿਆ ਪ੍ਰਬੰਧ ਪੁਖਤਾ ਨਹੀਂ ਸਨ, ਜਿਸ ਕਾਰਨ ਉਨ੍ਹਾਂ ਨੂੰ ਰੈਲੀ ਰੱਦ ਕਰਨੀ ਪਈ। ਸ੍ਰੀ ਚੰਨੀ ਨੇ ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਅਤੇ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਦੇ ਡਾਇਰੈਕਟਰ ਕਰਨਵੀਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਮਾਛੀਵਾੜਾ ਅਨਾਜ ਮੰਡੀ ’ਚ ਕਾਂਗਰਸ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਕਹਿ ਰਿਹਾ ਹੈ ਕਿ ਉਸ ਨੂੰ ਪੰਜਾਬ ਵਿਚ ਜਾਨ ਦਾ ਖ਼ਤਰਾ ਪੈਦਾ ਹੋ ਗਿਆ ਸੀ ਜੋ ਬਿਲਕੁਲ ਬੇਬੁਨਿਆਦ ਗੱਲ ਹੈ, ਕਿ ਕਿਉਂਕਿ ਸੂਬੇ ਵਿਚ ਕੋਈ ਉਨ੍ਹਾਂ ਉੱਪਰ ਹਮਲਾ ਕਰੇਗਾ ਤਾਂ ਪਹਿਲੀ ਗੋਲੀ ਉਹ ਆਪਣੀ ਛਾਤੀ ਵਿਚ ਖਾਣਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਜਾਨ ਨੂੰ ਖ਼ਤਰਾ ਕਿਵੇਂ ਹੋ ਸਕਦਾ ਹੈ ਕਿਉਂਕਿ ਨਾ ਉਨ੍ਹਾਂ ਦੀ ਗੱਡੀ ਕੋਲ ਕੋਈ ਪ੍ਰਦਰਸ਼ਨਕਾਰੀ ਪੁੱਜ ਸਕਿਆ ਅਤੇ ਨਾ ਹੀ ਕਿਸੇ ਨੇ ਕੋਈ ਹਮਲਾ ਕੀਤਾ ਬਲਕਿ ਕਿਸਾਨ ਤਾਂ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਹੁਣ ਸੁਰੱਖਿਆ ਪ੍ਰਬੰਧਾਂ ਲਈ ਪੰਜਾਬ ਨੂੰ ਜ਼ਿੰਮੇਵਾਰ ਠਹਿਰਾ ਰਹਿ ਰਹੇ ਹਨ ਜਦਕਿ 5 ਦਿਨ ਪਹਿਲਾਂ ਹੀ ਉਨ੍ਹਾਂ ਦੇ ਸੁਰੱਖਿਆ ਕਰਮਚਾਰੀਆਂ ਨੇ ਸਾਰੇ ਪ੍ਰਬੰਧ ਆਪਣੀ ਨਿਗਰਾਨੀ ਹੇਠ ਲੈ ਲਏ ਸਨ ਅਤੇ ਕਿਸੇ ਰੂਟ ’ਤੇ ਪ੍ਰਧਾਨ ਮੰਤਰੀ ਨੇ ਆਉਣਾ-ਜਾਣਾ ਹੈ, ਉਹ ਵੀ ਤੈਅ ਕਰ ਲਿਆ ਸੀ। ਹੁਣ ਫਲਾਪ ਰੈਲੀ ਦਾ ਭਾਂਡਾ ਭੰਨਣ ਲਈ ਉਹ ਪੰਜਾਬ ਦੇ ਲੋਕਾਂ ਨੂੰ ਬਦਨਾਮ ਕਰ ਸੌੜੀ ਰਾਜਨੀਤੀ ਕਰ ਰਹੇ ਹਨ। ਇਸ ਰੈਲੀ ਵਿਚ ਮੁੱਖ ਮੰਤਰੀ ਦੇ ਪੁੱਜਣ ’ਤੇ ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਅਤੇ ਉਨ੍ਹਾਂ ਦੇ ਪੋਤਰੇ ਕਰਨਵੀਰ ਸਿੰਘ ਢਿੱਲੋਂ ਨੇ ਸਵਾਗਤ ਕਰਦਿਆਂ ਕੀਤਾ। ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ, ਵਿਧਾਇਕ ਲਖਵੀਰ ਸਿੰਘ ਲੱਖਾ, ਜ਼ਿਲਾ ਪ੍ਰਧਾਨ ਰੁਪਿੰਦਰ ਸਿੰਘ ਰਾਜਾ ਗਿੱਲ, ਸਤਵਿੰਦਰ ਕੌਰ ਬਿੱਟੀ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ਼ਕਤੀ ਆਨੰਦ, ਨਗਰ ਕੌਂਸਲ ਪ੍ਰਧਾਨ ਸੁਰਿੰਦਰ ਕੁੰਦਰਾ, ਮਾਰਕੀਟ ਕਮੇਟੀ ਚੇਅਰਮੈਨ ਦਰਸ਼ਨ ਕੁਮਾਰ ਕੁੰਦਰਾ, ਪ੍ਰਦੇਸ਼ ਸਕੱਤਰ ਸੋਹਣ ਲਾਲ ਸ਼ੇਰਪੁਰੀ, ਕਸਤੂਰੀ ਲਾਲ ਮਿੰਟੂ, ਐਡਵੋਕੇਟ ਜਸਪ੍ਰੀਤ ਸਿੰਘ ਕਲਾਲਮਾਜਰਾ, ਚੇਅਰਮੈਨ ਸੁਖਵੀਰ ਸਿੰਘ ਪੱਪੀ, ਚੇਅਰਮੈਨ ਅਜਮੇਰ ਸਿੰਘ ਪੂਰਬਾ ਮੌਜੂਦ ਸਨ।