ਮਹਿੰਦਰ ਸਿੰਘ ਰੱਤੀਆਂ
ਮੋਗਾ, 17 ਜੁਲਾਈ
ਸਥਾਨਕ ਇਲਾਕੇ ਵਿੱਚ ਘਰ ’ਚ ਵੜ ਕੇ ਬਜ਼ੁਰਗ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੀ ਵਾਰਦਾਤ ਦੀ ਸਾਰੀ ਜ਼ਿੰਮੇਵਾਰੀ ਅੱਜ ਗੋਪੀ ਡੱਲੇਵਾਲ ਨੇ ਲਈ ਹੈ। ਇਸ ਕੇਸ ਦੀ ਜਾਂਚ ਹਾਲੇ ਚੱਲ ਰਹੀ ਹੈ ਤੇ ਅੱਜ ਫ਼ਰੀਦਕੋਟ ਰੇਂਜ ਦੇ ਆਈਜੀ ਪ੍ਰਦੀਪ ਯਾਦਵ ਤੇ ਐੱਸਐੱਸਪੀ ਜੇ. ਐਲਨਚੇਜ਼ੀਅਨ ਨੇ ਪੀੜਤ ਪਰਿਵਾਰ ਦੇ ਘਰ ਪੁੱਜ ਕੇ ਇਨਸਾਫ਼ ਦਾ ਭਰੋਸਾ ਦਿੱਤਾ ਹੈ। ਆਈਜੀ ਯਾਦਵ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਜ਼ੁਰਗ ਸੰਤੋਖ ਸਿੰਘ ਦੀ ਹੱਤਿਆ ਗੈਂਗਵਾਰ ਦਾ ਨਤੀਜਾ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦਾ ਪੁੱਤਰ ਸੁਖਦੇਵ ਸਿੰਘ ਉਰਫ਼ ਸੇਬੂ ਫ਼ਰੀਦਕੋਟ ਜੇਲ੍ਹ ਵਿੱਚ ਬੰਦ ਹੈ ਤੇ ਉਸ ਖ਼ਿਲਾਫ਼ ਤਕਰੀਬਨ ਡੇਢ ਦਰਜਨ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਸੁਖਦੇਵ ਸਿੰਘ ਸੇਬੂ ਤੇ ਫ਼ਰੀਦਕੋਟ ਜੇਲ੍ਹ ’ਚ ਬੰਦ ਲੁਧਿਆਣਾ ਨਿਵਾਸੀ ਗੌਰਵ ਗੁਪਤਾ ਉਰਫ਼ ਗੋਰੂ ਬੱਚਾ ਦੀ ਲੜਾਈ ਹੋਈ ਸੀ ਤੇ ਇਸੇ ਰੰਜਿਸ਼ ਤਹਿਤ ਹੀ ਬਜ਼ੁਰਗ ਦੀ ਹੱਤਿਆ ਕੀਤੀ ਜਾਪਦੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਪਛਾਣ ਹੋ ਚੁੱਕੀ ਹੈ ਤੇ ਛੇਤੀ ਹੀ ਕਾਬੂ ਕਰ ਲਏ ਜਾਣਗੇ। ਉਨ੍ਹਾਂ ਦੱਸਿਆ ਫ਼ਰੀਦਕੋਟ ਜੇਲ੍ਹ ’ਚੋਂ ਗੁਪਤਾ ਉਰਫ਼ ਗੋਰੂ ਬੱਚਾ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ ’ਤੇ ਇੱਸ ਹੱਤਿਆ ਦੀ ਜ਼ਿੰਮੇਵਾਰੀ ਲੈਣ ਵਾਲੇ ਗੋਪੀ ਡੱਲੇਵਾਲ ਬਾਰੇ ਵੀ ਤਫ਼ਤੀਸ਼ ਕੀਤੀ ਜਾਰੀ ਹੈ।