ਮਹਿੰਦਰ ਸਿੰਘ ਰੱਤੀਆਂ
ਮੋਗਾ, 11 ਅਗਸਤ
ਇੱਥੋਂ ਦੇ ਕਾਂਗਰਸੀ ਵਿਧਾਇਕ ਡਾ. ਹਰਜੋਤ ਕਮਲ ਅਤੇ ਸਥਾਨਕ ਐੱਸਐੱਸਪੀ ਹਰਮਨਬੀਰ ਸਿੰਘ ਗਿੱਲ ਵਿਚਕਾਰ ਕੁੜੱਤਣ ਅਜੇ ਖ਼ਤਮ ਹੋਈ ਤੇ ਹੁਣ ਵਿਧਾਇਕ ਦੀ ਸਥਾਨਕ ਸਿਵਲ ਹਸਪਤਾਲ ਦੇ ਡਾਕਟਰਾਂ ਨਾਲ ਖੜਕ ਗਈ ਹੈ।
ਸਿਵਲ ਹਸਪਤਾਲ ਦੀ ਮੈਡੀਕਲ ਅਫ਼ਸਰ ਡਾ. ਰਿਤੂ ਜੈਨ ਨੇ ਵਿਧਾਇਕ ਖ਼ਿਲਾਫ਼ ਆਪਣੀ ਪੀਸੀਐੱਮਐੱਸ ਜਥੇਬੰਦੀ ਕੋਲ ਲਿਖਤੀ ਸ਼ਿਕਾਇਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਹ ਜਦੋਂ ਸ਼ੱਕੀ ਕਰੋਨਾ ਮਰੀਜ਼ਾਂ ਦੇ ਟੈਸਟ ਕਰ ਰਹੇ ਸਨ ਤਾਂ ਵਿਧਾਇਕ ਡਾ. ਹਰਜੋਤ ਕਮਲ ਨੇ ਕਿਹਾ ਕਿ ਉਹ ਪਹਿਲਾਂ ਵਿਦੇਸ਼ ਜਾਣ ਵਾਲੇ ਵਿਅਕਤੀਆਂ ਨੂੰ ਤਰਜੀਹ ਦੇਣ। ਉੱਥੇ ਕਰੋਨਾ ਟੈਸਟ ਵਾਲੇ ਤਕਰੀਬਨ 35 ਵਿਅਕਤੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਪਹਿਲ ਮਰੀਜ਼ਾਂ ਨੂੰ ਦਿੱਤੀ ਜਾਵੇਗੀ ਤੇ ਦੋ ਟੈਸਟਾਂ ਉੱਤੇ ਡੇਢ ਘੰਟੇ ਦਾ ਸਮਾਂ ਲੱਗਦਾ ਹੈ ਅਤੇ ਮਸ਼ੀਨ ਦੀ ਸਮਰੱਥਾ ਸਿਰਫ਼ 15 ਟੈਸਟ ਕਰਨ ਦੀ ਹੈ। ਇਸ ਤੋਂ ਭੜਕੇ ਵਿਧਾਇਕ ਨੇ ਉਨ੍ਹਾਂ ਖ਼ਿਲਾਫ਼ ਕਥਿਤ ਭੱਦੀ ਸ਼ਬਦਾਵਾਲੀ ਦੀ ਵਰਤੋਂ ਕਰਦਿਆਂ ਸਰਕਾਰੀ ਸਟਾਫ਼ ਸਾਹਮਣੇ ਉਨ੍ਹਾਂ ਨੂੰ ਅਪਮਾਨਤ ਕੀਤਾ ਤੇ ਮਾਮਲਾ ਵਿਗੜਾ ਦੇਖ ਉਹ ਉੱਥੋਂ ਚਲੇ ਗਏ।
ਪੀਸੀਐੱਮਐੱਸ ਜਥੇਬੰਦੀ ਦੇ ਸੂਬਾਈ ਪ੍ਰਧਾਨ ਗਗਨਦੀਪ ਸਿੰਘ ਅਤੇ ਆਗੂ ਡਾ. ਇੰਦਰਬੀਰ ਸਿੰਘ ਗਿੱਲ ਨੇ ਦੱਸਿਆ ਕਿ ਮਾਮਲੇ ਸਬੰਧੀ ਸ਼ਾਮ ਨੂੰ ਜਥੇਬੰਦੀ ਦੀ ਮੀਟਿੰਗ ਸੱਦੀ ਗਈ ਹੈ। ਪੀਸੀਐੱਮਐੱਸ ਜਥੇਬੰਦੀ ਦੇ ਇਕ ਆਗੂ ਨੇ ਮੌਕੇ ’ਤੇ ਮੌਜੂਦ ਐੱਸਐੱਮਓ ਦੀ ਚੁੱਪੀ ’ਤੇ ਵੀ ਸਵਾਲ ਚੁੱਕੇ। ਵਿਧਾਇਕ ਡਾ. ਹਰਜੋਤ ਕਮਲ ਨੇ ਕਿਹਾ ਕਿ ਉਹ ਆਪਣਾ ਕੋਵਿਡ-19 ਟੈਸਟ ਕਰਵਾਉਣ ਗਏ ਸਨ। ਇਸ ਦੌਰਾਨ ਉਥੇ ਕਤਾਰ ਵਿਚ ਖੜ੍ਹੇ ਸਿੰਗਾਪੁਰ-ਹਾਂਗਕਾਂਗ ਆਦਿ ਵਿਦੇਸ਼ ਜਾਣ ਵਾਲੇ ਲੋਕਾਂ ਨੇ ਉਨ੍ਹਾਂ ਤਕ ਪਹੁੰਚ ਕੀਤੀ ਸੀ ਕਿ ਉਨ੍ਹਾਂ ਦੀ ਦੋ ਦਿਨ ਨੂੰ ਉਡਾਣ ਹੈ ਅਤੇ 72 ਘੰਟੇ ਪਹਿਲਾਂ ਕਰੋਨਾ ਟੈਸਟ ਜ਼ਰੂਰੀ ਹੈ। ਉਨ੍ਹਾ ਬਤੌਰ ਵਿਧਾਇਕ ਡਾਕਟਰ ਨੂੰ ਨਮੂਨੇ ਜਲਦੀ ਲੈਣ ਲਈ ਆਖਿਆ ਸੀ। ਉਨ੍ਹਾਂ ਆਖਿਆ ਕਿ ਡਾਕਟਰ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਕੋਵਿਡ-19 ਨਮੂਨੇ ਲਈ 3500 ਰੁਪਏ ਦੀ ਵੱਢੀ ਲਈ ਜਾ ਰਹੀ ਹੈ। ਉਨ੍ਹਾਂ ਆਪਣੇ ’ਤੇ ਲਗਾਏ ਗਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਮਾੜੀ ਭਾਸ਼ਾ ਦੀ ਵਰਤੋਂ ਨਹੀਂ ਕੀਤੀ।
ਪੀਸੀਐੱਮਐੱਸ ਨੇ ਭ੍ਰਿਸ਼ਟਾਚਾਰ ਦੇ ਦੋਸ਼ ਨਕਾਰੇ
ਪੀਸੀਐੱਮਐੱਸ ਜਥੇਬੰਦੀ ਆਗੂਆਂ ਨੇ ਵਿਧਾਇਕ ਵੱਲੋਂ ਕੋਵਿਡ-19 ਦੀ ਜਾਂਚ ਲਈ ਵੱਢੀ ਲੈਣ ਦੇ ਲਾਏ ਦੋਸ਼ਾਂ ਨੂੰ ਨਕਾਰਦਿਆਂ ਆਖਿਆ ਕਿ ਵਿਧਾਇਕ ਨੂੰ ਜਿਹੜੇ ਵਿਭਾਗਾਂ ਵਿਚ ਭ੍ਰਿਸ਼ਟਾਚਾਰ ਹੁੰਦਾ ਹੈ, ਉਨ੍ਹਾਂ ਦੀ ਜਾਂਚ ਕਰਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ।