ਮਹਿੰਦਰ ਸਿੰਘ ਰੱਤੀਆਂ
ਮੋਗਾ, 27 ਅਗਸਤ
ਇਥੇ ਫਾਸੀ ਹਮਲੇ ਵਿਰੋਧੀ ਫਰੰਟ ਵੱਲੋਂ ਮੋਦੀ ਸਰਕਾਰ ਦੀਆਂ ਫਿਰਕੂ ਨੀਤੀਆਂ ਤੇ ਫਾਸੀਵਾਦੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰਨ ਮਗਰੋਂ ਸ਼ਹਿਰ ’ਚ ਮਾਰਚ ਕੀਤਾ ਗਿਆ। ਇਸ ਮੌਕੇ ਬੁਲਾਰਿਆਂ ਨੇ ਸੰਵਿਧਾਨਿਕ ਹਿੰਦੂ ਰਾਸ਼ਟਰਵਾਦੀ ਫਿਰਕੂ ਨੀਤੀਆਂ ਤੇ ਫ਼ਾਸੀਵਾਦੀ ਕਾਨੂੰਨਾਂ ਐੱਨਆਰਸੀ, ਐੱਨਪੀਆਰ ਤੇ ਸੀਏਏ, ਪੰਜਾਬ ਦੀ ਕੈਪਟਨ ਸਰਕਾਰ ਦੀਆਂ ਪੰਜਾਬ ਵਿਰੋਧੀ ਨੀਤੀਆਂ ਦੀ ਆਲੋਚਨਾ ਕੀਤੀ। ਇਸ ਮੌਕੇ ਵੱਡੀ ਗਿਣਤੀ ’ਚ ਔਰਤਾਂ ਨੇ ਵੀ ਸ਼ਿਰਕਤ ਕੀਤੀ।
ਇਸ ਮੌਕੇ ਸੀਪੀਆਈ ਕੌਮੀ ਆਗੂ ਜਗਰੂਪ ਨੇ ਕਿਹਾ ਕਿ ”ਅੱਛੇ ਦਿਨ” ਲਿਆਉਣ ਦੇ ਸੁਪਨੇ ਵਿਖਾ ਕੇ ਸੱਤਾ ਵਿੱਚ ਆਈ ਭਾਜਪਾ ਦੀਆਂ ਘੋਰ ਲੋਕ ਵਿਰੋਧੀ ਅਤੇ ਦੇਸੀ-ਵਿਦੇਸ਼ੀ ਸਰਮਾਏਦਾਰੀ ਪੱਖੀ ਨੀਤੀਆਂ ਨੇ ਲੋਕਾਂ ਦੀਆਂ ਸਮੱਸਿਆਵਾਂ ’ਚ ਬੇਤਹਾਸ਼ਾ ਵਾਧਾ ਕੀਤਾ ਹੈੇ। ਇਨਕਲਾਬੀ ਕੇਂਦਰ ਪੰਜਾਬ ਦੇ ਕਮਲਜੀਤ ਖੰਨਾ, ਲੋਕ ਸੰਗਰਾਮ ਮੋਰਚਾ ਸੁਬਾਈ ਆਗੂ ਤਾਰਾ ਸਿੰਘ ਮੋਗਾ, ਨਿਰਭੈ ਸਿੰਘ ਢੁੱਡੀਕੇ ਨੇ ਭਾਜਪਾ ਦੀ ਕੇਂਦਰੀ ਹਕੂਮਤ ਵੱਲੋਂ ਅਪਣਾਈਆਂ ਫਾਸ਼ੀ ਨੀਤੀਆਂ ਦੀ ਆਲੋਚਨਾ ਕੀਤੀ। ਇਸ ਮੌਕੇ ਸੀਪੀਆਈ ਐੱਮਐੱਲ ਨਿਊ ਡੈਮੋਕ੍ਰੇਸੀ ਆਗੂ ਅਜਮੇਰ ਸਿੰਘ, ਸੀਪੀਆਈ ਐੱਮਐੱਲ ਲਬਿਰੇਸ਼ਨ ਆਗੂ ਬਲਕਰਨ ਮੋਗਾ, ਆਰਐੱਮਪੀਆਈ ਦੇ ਗੁਰਨਾਮ ਸਿੰਘ, ਐੱਮਸੀਪੀਆਈਯੂ ਆਗੂ ਮੰਗਤ ਰਾਮ ਲੌਂਗੋਵਾਲ ਮਾਸਟਰ ਦਰਸ਼ਨ ਤੂਰ, ਜਸਵੰਤ ਜੀਰਖ, ਗੁਰਨਾਮ ਭੀਖੀ, ਹਰਮੇਲ ਸਿੰਘ ਤੇ ਜਸਮੀਤ ਜੱਸੇਆਣਾ ਨੇ ਕੇਂਦਰ ਤੇ ਪੰਜਾਬ ਸਰਕਾਰਾਂ ਦੀ ਨਿੰਦਾ ਕੀਤੀ।