ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 12 ਜੂਨ
ਇੰਡੀਅਨ ਮਿਲਟਰੀ ਅਕੈਡਮੀ, ਦੇਹਰਾਦੂਨ ’ਚ ਅੱਜ ਪਾਸ ਆਊਟ ਹੋਏ ਨਵੇਂ ਰੰਗਰੂਟਾਂ ’ਚ ਪੰਜਾਬ ਦਾ ਲਵਨੀਤ ਸਿੰਘ ਮੈਰਿਟ ’ਚ ਤੀਜੇ ਸਥਾਨ ’ਤੇ ਆਇਆ ਹੈ। ਉਸ ਨੂੰ ਸਿੱਖ ਲਾਈਟ ਇਨਫੈਂਟਰੀ ’ਚ ਕਮਿਸ਼ਨ ਮਿਲਿਆ ਹੈ। ਲੈਫ਼ਟੀਨੈਂਟ ਲਵਨੀਤ ਸਿੰਘ ਮੋਗਾ ਦੇ ਕਿਸਾਨ ਦਾ ਪੁੱਤਰ ਹੈ। ਉਸ ਨੇ ਨਾਭਾ ਦੇ ਪੰਜਾਬ ਪਬਲਿਕ ਸਕੂਲ ਤੋਂ ਮੈਟ੍ਰਿਕ ਕੀਤੀ ਸੀ ਅਤੇ ਫਿਰ ਮੁਹਾਲੀ ਦੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੈਟਰੀ ਇੰਸਟੀਚਿਊਟ ਤੋਂ ਸਿਖਲਾਈ ਲੈ ਕੇ ਨੈਸ਼ਨਲ ਡਿਫੈਂਸ ਅਕੈਡਮੀ ਦਾ ਟੈਸਟ ਪਾਸ ਕੀਤਾ ਸੀ। ਥਲ ਸੈਨਾ ਦੀ ਅੱਜ ਹੋਈ ਪਾਸਿੰਗ ਆਊਟ ਪਰੇਡ ਦੌਰਾਨ 341 ਅਧਿਕਾਰੀਆਂ ਨੂੰ ਕਮਿਸ਼ਨ ਮਿਲਿਆ ਹੈ। ਅਕੈਡਮੀ ’ਚੋਂ 84 ਵਿਦੇਸ਼ੀ ਕੈਡੇਟ ਵੀ ਪਾਸ ਆਊਟ ਹੋਏ ਹਨ ਜੋ ਆਪਣੇ ਆਪਣੇ ਮੁਲਕਾਂ ਦੀਆਂ ਫ਼ੌਜਾਂ ’ਚ ਤਾਇਨਾਤ ਹੋਣਗੇ। ਪਾਸ ਆਊਟ ਹੋਣ ਵਾਲਿਆਂ ’ਚ ਸਭ ਤੋਂ ਜ਼ਿਆਦਾ 66 ਯੂਪੀ ਦੇ ਅਧਿਕਾਰੀ ਹਨ। ਇਸ ਮਗਰੋਂ 38 ਹਰਿਆਣਾ, ਉੱਤਰਾਖੰਡ ਦੇ 37 ਅਤੇ ਪੰਜਾਬ ਦੇ 32 ਜਵਾਨ ਫ਼ੌਜ ’ਚ ਸ਼ਾਮਲ ਹੋਏ ਹਨ। ਰਾਜਸਥਾਨ ਦੇ ਮੁਕੇਸ਼ ਕੁਮਾਰ ਨੂੰ ਓਵਰਆਲ ਬੈਸਟ ਕੈਡੇਟ ਐਲਾਨਿਆ ਗਿਆ ਅਤੇ ਉਸ ਨੂੰ ਸਵੋਰਡ ਆਫ਼ ਆਨਰ ਨਾਲ ਸਨਮਾਨਿਆ ਗਿਆ ਹੈ।