ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ (ਮੋਗਾ), 6 ਅਗਸਤ
ਮੋਗਾ ਦੇ ਪਿੰਡ ਦੌਲਤ ਪੁਰਾ ਨੀਵਾਂ ਵਿੱਚ ਚਿੱਟਾ ਵੇਚਣ ਤੋਂ ਰੋਕਣ ਵਾਲੇ ਪਰਿਵਾਰਾਂ ਦੇ ਘਰਾਂ ਉੱਪਰ ਕੁਝ ਨੌਜਵਾਨਾਂ ਵੱਲੋਂ ਫਾਇਰਿੰਗ ਕਰਕੇ ਘਰਾਂ ਦੀ ਭੰਨ ਤੋੜ ਕੀਤੀ ਗਈ ਅਤੇ ਕੁੱਟਮਾਰ ਕਰਕੇ ਤਿੰਨ ਨੌਜਵਾਨ ਜ਼ਖਮੀਂ ਕਰ ਦਿੱਤੇ। ਪੁਲੀਸ ਨੇ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਹੈ। ਪਿੰਡ ਦੌਲਤਪੁਰਾ ਵਿੱਚ ਚਿੱਟੇ ਦੀ ਸਪਲਾਈ ਕਰਨ ਵਾਲਿਆਂ ਵੱਲੋਂ ਆਪਣੇ ਸਾਥੀਆਂ ਨਾਲ ਚਿੱਟਾ ਵੇਚਣ ਤੋਂ ਰੋਕਣ ਵਾਲੇ ਕੁੱਝ ਪਰਿਵਾਰਾਂ ’ਤੇ ਬੀਤੀ ਰਾਤ ਹਮਲਾ ਕਰ ਦਿੱਤਾ ਗਿਆ। ਉਨ੍ਹਾਂ ਨੇ ਘਰਾਂ ਦੀ ਬੁਰੀ ਤਰ੍ਹਾਂ ਨਾਲ ਭੰਨਤੋੜ ਕੀਤੀ ਤੇ ਪਥਰਾਅ ਕਰਨ ਦੇ ਨਾਲ ਨਾਲ ਗੋਲੀਆਂ ਵੀ ਚਲਾਈਆਂ। ਗੋਲੀ ਨਾਲ ਕਿਸੇ ਦੇ ਵੀ ਜ਼ਖ਼ਮੀ ਹੋਣ ਤੋਂ ਬਚਾਅ ਹੋ ਗਿਆ। ਚਿੱਟਾ ਵੇਚਣ ਦੇ ਵਿਰੋਧ ਕਰਨ ਵਾਲੇ ਤਿੰਨ ਨੌਜਵਾਨਾਂ ਉੱਤੇ ਵੀ ਕਾਰ ਸਵਾਰਾਂ ਨੇ ਉਦੋਂ ਹਮਲਾ ਕੀਤਾ, ਜਦੋਂ ਉਹ ਸੈਰ ਕਰਨ ਲਈ ਜਾ ਰਹੇ ਸਨ। ਜ਼ਖਮੀ ਹੋਏ ਬੁੱਧ ਸਿੰਘ, ਗੁਰਪ੍ਰਤਾਪ ਸਿੰਘ ਤੇ ਵਿਸ਼ਾਲ ਨੂੰ ਮੋਗਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਬਿਆਨ ਲੈਣ ਆਏ ਥਾਣੇਦਾਰ ਸੁਖਮੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਰਹੀ ਹੈ। ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਦਰਸ਼ਨ ਕੌਰ, ਧੀਰਜ ਕੁਮਾਰ ਪੰਚਾਇਤ ਮੈਂਬਰ ਤੇ ਪਿੰਡ ਵਾਸੀਆਂ ਨੇ ਪੁਲੀਸ ਤੋਂ ਦੋਸ਼ੀਆਂ ਖਿਲਾਫ਼ ਸਖ਼ਤ ਕਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਇਥੇ ਤਸਕਰਾਂ ਨੇ ਦਸ-ਬਾਰਾਂ ਸਾਲ ਦੇ ਬੱਚੇ ਵੀ ਚਿੱਟੇ ’ਤੇ ਲਗਾ ਕੇ ਉਨ੍ਹਾਂ ਤੋਂ ਸਪਲਾਈ ਕਰਾਉਣੀ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਜਸਵਿੰਦਰ ਸਿੰਘ ਨੇ ਕਿਹਾ ਕਿ ਪੁਲੀਸ ਨੂੰ ਨਸ਼ਾ ਤਸਕਰਾਂ ਦੀ ਤਲਾਸ਼ ਹੈ। ਕਿਸੇ ਤਸਕਰ ਤੇ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।