ਮਹਿੰਦਰ ਸਿੰਘ ਰੱਤੀਆਂ
ਮੋਗਾ, 8 ਸਤੰਬਰ
ਅਕਾਲੀ ਦਲ ਦੀ ‘ਗੱਲ ਪੰਜਾਬ’ ਮੁਹਿੰਮ ਤਹਿਤ 2 ਸਤੰਬਰ ਦੀ ਰੈਲੀ ਮਗਰੋਂ ਕਿਸਾਨਾਂ ਖ਼ਿਲਾਫ਼ ਦਰਜ ਕੀਤੀ ਐੱਫ਼ਆਈਆਰ 8 ਸਤੰਬਰ ਤੱਕ ਰੱਦ ਕਰਨ ਦੇ ਦਿੱਤੇ ਗਏ ਅਲਟੀਮੇਟਮ ਦੇ ਮੱਦੇਨਜ਼ਰ ਫ਼ਰੀਦਕੋਟ ਰੇਂਜ ਦੇ ਡੀਆਈਜੀ ਸੁਰਜੀਤ ਸਿੰਘ ਅੱਜ ਪੂਰਾ ਦਿਨ ਮੋਗਾ ’ਚ ਹੀ ਰਹੇ। ਇਸ ਮੌਕੇ ਕਿਸਾਨਾਂ ਨੂੰ ਸ਼ਾਂਤ ਕਰਨ ਲਈ ਪੁਲੀਸ ਅਧਿਕਾਰੀਆਂ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ। ਐੱਸਪੀਡੀ ਜਗਤਪ੍ਰੀਤ ਸਿੰਘ ਤੇ ਹੋਰ ਪੁਲੀਸ ਅਧਿਕਾਰੀਆਂ ਦੀ ਪਹਿਲੇ ਗੇੜ ਦੀ ਗੱਲਬਾਤ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਤੇ ਹੋਰ ਕਿਸਾਨ ਆਗੂਆਂ ਨਾਲ ਹੋਈ। ਅਧਿਕਾਰੀਆਂ ਨੇ ਕਿਸਾਨਾਂ ਨੂੰ ਪਰਚੇ ਰੱਦ ਕਰਨ ਦਾ ਭਰੋਸਾ ਦਿੱਤਾ, ਜਿਸ ਮਗਰੋਂ ਕਿਸਾਨ ਆਗੂਆਂ ਨੇ ਪਰਚੇ ਰੱਦ ਕਰਨ ਦੀ ਤਰੀਕ ਪੱਕੀ ਕਰਨ ਦੀ ਮੰਗ ਰੱਖੀ। ਇਸ ਨੁਕਤੇ ’ਤੇ ਮੀਟਿੰਗ ਬੇਸਿੱਟਾ ਰਹਿਣ ਮਗਰੋਂ ਕਿਸਾਨ ਆਪਣੇ ਦਫ਼ਤਰ ਵਿੱਚ ਚਲੇ ਗਏ। ਥੋੜ੍ਹੀ ਦੇਰ ਮਗਰੋਂ ਪੁਲੀਸ ਅਧਿਕਾਰੀਆਂ ਨੇ ਕਿਰਤੀ ਕਿਸਾਨ ਯੂਨੀਅਨ ਦੇ ਦਫ਼ਤਰ ਪਹੁੰਚ ਕੇ ਆਗੂਆਂ ਨੂੰ 18 ਸਤੰਬਰ ਤੱਕ ਪਰਚਾ ਰੱਦ ਕਰਨ ਦਾ ਭਰੋਸਾ ਦਿੱਤਾ। ਕਿਸਾਨ ਜਥੇਬੰਦੀ ਆਗੂਆਂ ਨੇ ਪਰਚਾ ਰੱਦ ਕਰਨ ਦੇ ਭਰੋਸੇ ਬਾਅਦ ਅੱਜ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ। ਕਿਸਾਨ ਆਗੂਆਂ ਨੇ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਕਿ ਜੇਕਰ ਦਸ ਦਿਨਾਂ ਵਿੱਚ ਪ੍ਰਸ਼ਾਸਨ ਪਰਚੇ ਰੱਦ ਨਹੀਂ ਕਰਦਾ ਤਾਂ ਸੰਯੁਕਤ ਮੋਰਚੇ ਦੇ ਸੱਦੇ ਤਹਿਤ 18 ਸਤੰਬਰ ਨੂੰ ਵੱਡਾ ਸੰਘਰਸ਼ ਵਿੱਢਿਆ ਜਾਵੇਗਾ ਅਤੇ ਕਰਨਾਲ ਵਾਂਗ ਮੋਗੇ ਵਿੱਚ ਵੀ ਵੱਡਾ ਅੰਦੋਲਨ ਹੋਵੇਗਾ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਰੱਦ ਹੋਣ ਤੱਕ ਪੰਜਾਬ ਵਿੱਚ ਸਿਆਸੀ ਪਾਰਟੀਆਂ ਨੂੰ ਚੋਣਾਂ ਦਾ ਮਾਹੌਲ ਨਹੀਂ ਬਣਾਉਣ ਦਿੱਤਾ ਜਾਵੇਗਾ।