ਮਹਿੰਦਰ ਸਿੰਘ ਰੱਤੀਆਂ
ਮੋਗਾ, 12 ਜੂਨ
ਸਥਾਨਕ ਪੁਲੀਸ ਨੇ ਚਾਰ ਸਾਲ ਪੁਰਾਣੇ ਲੁਧਿਆਣਾ ਦੀ ਮੁਟਿਆਰ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾ ਲਈ ਹੈ। ਇਸ ਕੇਸ ’ਚ ਬਠਿੰਡਾ ਦਾ ਡੀਜੇ ਆਰਕੈਸਟਰਾ ਗਰੁੱਪ ਸੰਚਾਲਕ ਦਾਰਾ ਸਿੰਘ ਉਰਫ਼ ਰਵੀ ਵਾਸੀ ਲਾਲ ਸਿੰਘ ਬਸਤੀ ਬਠਿੰਡਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕੇਸ ਵਿਚ ਮੁਲਜ਼ਮ ਦਾ ਸਾਢੂ ਤੇ ਅਣਪਛਾਤਾ ਐਬੂਲੈਂਸ ਚਾਲਕ ਨਾਮਜ਼ਦ ਕੀਤੇ ਗਏ ਹਨ।
ਐੱਸਪੀ (ਆਈ) ਹਰਿੰਦਰਪਾਲ ਸਿੰਘ ਪਰਮਾਰ ਅਤੇ ਡੀਐੈੈੱਸਪੀ ਬਾਘਾਪੁਰਾਣਾ ਜਸਬਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ 4 ਜੁਲਾਈ 2016 ਨੂੰ ਪਿੰਡ ਰਾਜੇਆਣਾ ਕੋਲੋਂ ਮੁਟਿਆਰ ਦੀ ਲਾਸ਼ ਮਿਲੀ ਸੀ। ਮ੍ਰਿਤਕਾ ਦੀ ਪਛਾਣ ਆਸ਼ਿਤਾ ਸੁੱਘੜ ਵਾਸੀ ਲੁਧਿਆਣਾ ਵਜੋਂ ਹੋਈ ਸੀ। ਉਹ ਘਟਨਾ ਤੋਂ ਕਰੀਬ 6 ਮਹੀਨੇ ਪਹਿਲਾਂ ਅਜੇ ਵਾਸੀ ਲੁਧਿਆਣਾ ਨਾਲ ਘਰੋਂ ਫ਼ਰਾਰ ਹੋ ਗਈ ਸੀ ਤੇ ਵਾਪਸ ਘਰ ਨਹੀਂ ਗਈ ਸੀ। ਉਨ੍ਹਾਂ ਦੱਸਿਆ ਕਿ ਥਾਣਾ ਬਾਘਾਪੁਰਾਣਾ ਵਿਚ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਪੜਤਾਲ ਦੌਰਾਨ ਪਤਾ ਲੱਗਾ ਕਿ 8 ਮਈ 2016 ਨੂੰ ਮ੍ਰਿਤਕ ਦਾ ਆਧਾਰ ਕਾਰਡ ਦੁਬਾਰਾ ਜਾਰੀ ਹੋਇਆ ਸੀ। ਉਸ ਦੇ ਦੋਸਤ ਕੁਲਵੀਰ ਸਿੰਘ ਵਾਸੀ ਫਜਲਪੁਰਾ ਨੇ ਪੁਲੀਸ ਨੂੰ ਦੱਸਿਆ ਕਿ ਉਹ ਆਸ਼ਿਤਾ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਉਸ ਨੇ ਦੱਸਿਆ ਕਿ ਆਸ਼ਿਤਾ ਕਰੀਬ ਛੇ ਮਹੀਨੇ ਦਾਰਾ ਸਿੰਘ ਕੋਲ ਰਹਿੰਦੀ ਰਹੀ। ਦਾਰਾ ਸਿੰਘ ਵੱਲੋਂ ਆਸ਼ਿਤਾ ਨੂੰ ਘਰ ਤੋਂ ਜਾਣ ਲਈ ਆਖਣ ’ਤੇ ਉਸ ਨੇ ਖ਼ੁਦਕੁਸ਼ੀ ਦੀ ਧਮਕੀ ਦਿੱਤੀ। ਇਸ ’ਤੇ ਮੁਲਜ਼ਮ ਦਾਰਾ ਸਿੰਘ ਨੇ 3 ਜੁਲਾਈ 2016 ਦੀ ਰਾਤ ਨੂੰ ਆਪਣੇ ਸਾਢੂ ਗੋਲਡੀ ਨਾਲ ਰਲ ਕੇ ਆਸ਼ਿਤਾ ਨੂੰ ਕਤਲ ਕਰ ਕੇ ਉਸ ਦੀ ਲਾਸ਼ ਐਂਬੂਲੈਂਸ ਡਰਾਈਵਰ ਨਾਲ 30 ਹਜ਼ਾਰ ’ਚ ਗੱਲ ਕਰ ਕੇ ਪਿੰਡ ਰਾਜੇਆਣਾ ਕੋਲ ਸੁੱਟ ਦਿੱਤੀ।