ਮਹਿੰਦਰ ਸਿੰਘ ਰੱਤੀਆਂ
ਮੋਗਾ, 25 ਜੁਲਾਈ
ਇਥੇ ਕਸਬਾ ਅਜੀਤਵਾਲ ਦੇ ਥਾਣਾ ਮਹਿਣਾ ਅਧੀਨ ਪਿੰਡ ਕਪੂਰੇ ਵਿੱਚ ਰਾਤ ਕਥਿਤ ਸ਼ਰਾਬ ਤਸਕਰਾਂ ’ਤੇ ਛਾਪਾ ਮਾਰਨ ਗਏ ਕਰੀਬ 10 ਪੁਲੀਸ ਮੁਲਾਜ਼ਮਾਂ ਉੱਤੇ ਪਰਿਵਾਰ ਵੱਲੋਂ ਪਥਰਾਅ ਕਰਨ ਕਾਰਨ ਦੋ ਹੌਲਦਾਰ ਜ਼ਖ਼ਮੀ ਹੋ ਗਏ। ਉਹ ਸਿਵਲ ਹਸਪਤਾਲ ਵਿੱਚ ਦਾਖਲ ਹਨ। ਮੋਗਾ ਜ਼ਿਲ੍ਹੇ ’ਚ ਕਰੀਬ ਸਾਲ ਅੰਦਰ ਰਾਤ ਵੇਲੇ ਸ਼ਿਕਾਇਤ ਦੀ ਜਾਂਚ ਕਰਨ ਲਈ ਗਈ ਪੁਲੀਸ ’ਤੇ ਤੀਜਾ ਵੱਡਾ ਹਮਲਾ ਹੈ। ਮਹਿਣਾ ਪੁਲੀਸ ਨੇ ਪਰਿਵਾਰ ਦੇ 6 ਜੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਡੀਐੱਸਪੀ ਧਰਮਕੋਟ ਸੁਬੇਗ ਸਿੰਘ ਨੇ ਕੇਸ ਦਰਜ ਕਰਨ ਦੀ ਪੁਸ਼ਟੀ ਕੀਤੀ ਹੈ। ਪੁਲੀਸ ਮੁਤਾਬਕ ਹੌਲਦਾਰ ਧਨਵੰਤ ਸਿੰਘ, ਹੌਲਦਾਰ ਸਿਕੰਦਰ ਸਿੰਘ ਤੇ ਏਐੱਸਆਈ ਬਲਜਿੰਦਰ ਸਿੰਘ ਲੰਘੀ ਰਾਤ ਕਰੀਬ 10 ਵਜੇ ਪ੍ਰਾਈਵੇਟ ਗੱਡੀ ਵਿੱਚ ਗਏ ਸਨ। ਇਸ ਦੌਰਾਨ ਉਨ੍ਹਾਂ ਦੀ ਤਰਸੇਮ ਸਿੰਘ ਉਰਫ਼ ਰਾਜਾ ਨਾਲ ਬਹਿਸ ਹੋ ਗਈ। ਪੁਲੀਸ ਮੁਤਾਬਕ ਤਰਸੇਮ ਸਿੰਘ ਨੇ ਮੁਲਾਜ਼ਮਾਂ ਆਖਿਆ ਕਿ ਉਹ ਮੋਹਤਬਰ ਹੈ ਅਤੇ ਹਰ ਰੋਜ਼ ਆ ਕੇ ਕਾਨੂੰਨ ਦੇ ਨਾਮ ’ਤੇ ਬੇਵਜਾ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਹੋ। ਇਸ ਦੌਰਾਨ ਉਸ ਨੇ ਰੌਲਾ ਪਾ ਦਿੱਤਾ ਅਤੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ। ਇਸ ਦੌਰਾਨ ਤਰਸੇਮ ਸਿੰਘ ਦੀ ਪਤਨੀ, ਦੋ ਪੁੱਤਰਾਂ ਨੇ ਕੋਠੇ ਦੀ ਛੱਤ ਉੱਤੇ ਚੜ੍ਹ ਕੇ ਕਥਿਤ ਪਥਰਾਅ ਸ਼ੁਰੂ ਕਰ ਦਿੱਤਾ। ਹੌਲਦਾਰ ਧਨਵੰਤ ਸਿੰਘ ਦੇ ਸਿਰ ਅਤੇ ਹੌਲਦਾਰ ਸਿਕੰਦਰ ਸਿੰਘ ਦੇ ਨੱਕ ਉੱਤੇ ਇੱਟ ਵੱਜਣ ਨਾਲ ਉਹ ਜ਼ਖ਼ਮੀ ਹੋ ਗਏ। ਉਨ੍ਹਾਂ ਨਾਲ ਗਏ ਏਐੱਸਆਈ ਨੇ ਉਨ੍ਹਾਂ ਨੂੰ ਰਾਤ ਵੇਲੇ ਸਥਾਨਕ ਸਿਵਲ ਹਸਪਤਾਲ ਦਾਖ਼ਲ ਕਰਵਾਇਆ। ਪੁਲੀਸ ਨੇ ਅੱਜ ਸਵੇਰੇ ਤੜਕਸਾਰ ਵੱਡੀ ਗਿਣਤੀ ਵਿੱਚ ਪਿੰਡ ਵਿੱਚ ਛਾਪਾਮਾਰੀ ਕਰਕੇ ਹਮਲਾਵਾਰਾਂ ਸਣੇ ਦਰਜਨ ਵਿਅਕਤੀਆਂ ਹਿਰਾਸਤ ਵਿੱਚ ਲੈ ਲਿਆ। ਪੁਲੀਸ ਦਾ ਦੋਸ਼ ਹੈ ਕਿ ਹਮਲਾਵਾਰ ਸ਼ਰਾਬ ਤਸਕਰ ਹਨ। ਉਨ੍ਹਾਂ ਖ਼ਿਲਾਫ਼ ਆਬਕਾਰੀ ਐਕਟ ਤਹਿਤ ਪਹਿਲਾਂ ਕੇਸ ਦਰਜ ਹੈ। ਥਾਣਾ ਮਹਿਣਾ ਵਿਖੇ ਤਰਸੇਮ ਸਿੰਘ ਉਰਫ਼ ਰਾਜਾ,ਉਸ ਦੀ ਪਤਨੀ ਸੁਖਵਿੰਦਰ ਕੌਰ, ਦੋ ਪੁੱਤਰਾਂ ਅਰਸ਼ਦੀਪ ਸਿੰਘ, ਰਵਿੰਦਰ ਸਿੰਘ ਅਤੇ ਭਰਾ ਬਲਵਿੰਦਰ ਸਿੰਘ ਨੋਨੂੰ ਤੇ ਉਸ ਦੀ ਪਤਨੀ ਮਨਦੀਪ ਕੌਰ ਅਤੇ ਕੁਝ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 307/341/323/153/186/148/149 ਤਹਿਤ ਕੇਸ ਦਰਜ ਕਰ ਲਿਆ ਹੈ।