ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 31 ਅਕਤੂਬਰ
ਇੱਥੋਂ ਦੇ ਸੈਕਟਰ-77 ਸਥਿਤ ਪੰਜਾਬ ਪੁਲੀਸ ਦੇ ਇੰਟੈਲੀਜੈਂਸ ਵਿੰਗ ਦੇ ਮੁੱਖ ਦਫ਼ਤਰ ’ਤੇ ਹੋਏ ਰਾਕੇਟ ਪ੍ਰੋਪੈਲਡ ਗਰੇਨੇਡ (ਆਰਪੀਜੀ) ਹਮਲੇ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਨਾਬਾਲਗ ਮੁਲਜ਼ਮ ਦਾ ਪਹਿਲਾਂ ਦਿੱਤਾ ਛੇ ਦਿਨਾਂ ਦਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਅੱਜ ਉਸ ਨੂੰ ਮੁੜ ਮੁਹਾਲੀ ਦੇ ਨਿਆਂਇਕ ਮੈਜਿਸਟਰੇਟ ਸੋਨਾਲੀ ਸਿੰਘ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਅਦਾਲਤ ਨੇ ਨਾਬਾਲਗ ਮੁਲਜ਼ਮ ਨੂੰ ਮੁੜ ਪੰਜ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਕੁੱਝ ਦਿਨ ਪਹਿਲਾਂ ਉਕਤ ਨਾਬਾਲਗ ਮੁਲਜ਼ਮ ਨੂੰ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸ ਨੂੰ ਪੰਜਾਬ ਪੁਲੀਸ ਨੇ ਬੀਤੀ 26 ਅਕਤੂਬਰ ਨੂੰ ਦਿੱਲੀ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਹਿਰਾਸਤ ਵਿੱਚ ਲਿਆ ਸੀ।
ਅਦਾਲਤ ਨੇ ਪੰਜਾਬ ਪੁਲੀਸ ਦੀ ਜਾਂਚ ਟੀਮ ਨੂੰ ਇਹ ਆਦੇਸ਼ ਵੀ ਦਿੱਤੇ ਹਨ ਕਿ ਬਾਲ ਮੁਲਜ਼ਮ ਤੋਂ ਦਿਨ ਵਿੱਚ ਪੁੱਛ-ਪੜਤਾਲ ਕਰਨ ਤੋਂ ਬਾਅਦ ਰੋਜ਼ਾਨਾ ਉਸ ਨੂੰ ਬਾਲ ਸੁਧਾਰ ਘਰ ਹੁਸ਼ਿਆਰਪੁਰ ਵਿੱਚ ਛੱਡਿਆ ਜਾਵੇ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬੀਤੀ 9 ਮਈ ਨੂੰ 7.45 ਵਜੇ ਪੰਜਾਬ ਪੁਲੀਸ ਦੇ ਇੰਟੈਲੀਜੈਂਸ ਵਿੰਗ ਦੇ ਮੁੱਖ ਦਫ਼ਤਰ ’ਤੇ ਆਰਪੀਜੀ ਨਾਲ ਹਮਲਾ ਕਰਨ ਸਮੇਂ ਉਕਤ ਨਾਬਾਲਗ ਮੁਲਜ਼ਮ, ਮੁੱਖ ਮੁਲਜ਼ਮ ਚੜ੍ਹਤ ਸਿੰਘ ਨਾਲ ਮੌਜੂਦ ਸੀ। ਇਸ ਮਾਮਲੇ ਵਿੱਚ ਪੁਲੀਸ ਇੱਕ ਹੋਰ ਮੁਲਜ਼ਮ ਦੀਪਕ ਕੁਮਾਰ ਵਾਸੀ ਝੱਜਰ (ਹਰਿਆਣਾ) ਪੁਲੀਸ ਦੀ ਗ੍ਰਿਫ਼ਤ ’ਚੋਂ ਬਾਹਰ ਦੱਸਿਆ ਜਾ ਰਿਹਾ ਹੈ। ਪੁਲੀਸ ਸੂਤਰਾਂ ਅਨੁਸਾਰ ਮੁਲਜ਼ਮ ਨੂੰ ਫੜਨ ਲਈ ਕੋਸ਼ਿਸ਼ਾਂ ਜਾਰੀ ਹਨ।