ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 12 ਮਈ
ਪੰਜਾਬ ਪੁਲੀਸ ਦੇ ਖ਼ੁਫ਼ੀਆ ਵਿੰਗ ਦੇ ਮੁੱਖ ਦਫ਼ਤਰ ਉੱਤੇ ਪਿਛਲੇ ਦਿਨੀਂ ਹੋਏ ਧਮਾਕੇ ਦੇ ਮਾਮਲੇ ’ਚ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਨਿਸ਼ਾਨ ਸਿੰਘ ਤੋਂ ਪੁੱਛ ਪੜਤਾਲ ਦੌਰਾਨ ਅਹਿਮ ਖੁਲਾਸੇ ਹੋਏ ਹਨ। ਪੁਲੀਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇੰਟੈਲੀਜੈਂਸ ਹੈੱਡਕੁਆਰਟਰ ’ਤੇ ਹੋਏ ਹਮਲੇ ਲਈ ਨਿਸ਼ਾਨ ਸਿੰਘ ਨੇ ਹੀ ਹਮਲਾਵਰਾਂ ਨੂੰ ਰਾਕੇਟ ਪ੍ਰੋਪੈਲਡ ਗ੍ਰੇਨਾਈਟ (ਆਰਪੀਜੀ) ਸਪਲਾਈ ਕੀਤਾ ਸੀ। ਸੂਤਰ ਦੱਸਦੇ ਹਨ ਇਸ ਹਮਲੇ ਤੋਂ ਕੁਝ ਦਿਨ ਪਹਿਲਾਂ ਹੀ ਉਸ ਨੂੰ ਤਰਨ ਤਾਰਨ ਖੇਤਰ ਵਿੱਚ ਦੋ ਤਿੰਨ ਅਣਪਛਾਤੇ ਵਿਅਕਤੀਆਂ ਨੇ ਇਹ ਧਮਾਕਾਖੇਜ਼ ਸਮੱਗਰੀ ਮੁਹੱਈਆ ਕਰਵਾਈ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਨਿਸ਼ਾਨ ਸਿੰਘ ਨੇ ਹਮਲੇ ਦੀ ਯੋਜਨਾ ਘੜਨ ਲਈ ਹਮਲਾਵਰਾਂ ਦੇ ਠਹਿਰਨ ਪ੍ਰਬੰਧ ਕਰਕੇ ਦਿੱਤਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮ ਨਿਸ਼ਾਨ ਸਿੰਘ ਫ਼ਰੀਦਕੋਟ ਪੁਲੀਸ ਕੋਲ ਇਕ ਪੁਰਾਣੇ ਮਾਮਲੇ ਵਿੱਚ ਪੰਜ ਦਿਨ ਦੇ ਪੁਲੀਸ ਰਿਮਾਂਡ ’ਤੇ ਹੈ। ਅੱਜ ਦੂਜੇ ਦਿਨ ਪੰਜਾਬ ਪੁਲੀਸ ਦੇ ਖ਼ੁਫ਼ੀਆ ਵਿੰਗ ਦੇ ਸੀਨੀਅਰ ਅਧਿਕਾਰੀਆਂ ਸਮੇਤ ਐੱਨਆਈਏ ਦੀ ਜਾਂਚ ਟੀਮ ਅਤੇ ਭਾਰਤੀ ਸੈਨਾ ਦੇ ਅਫ਼ਸਰਾਂ ਨੇ ਵੀ ਉਸ ਤੋਂ ਲੰਮੀ ਪੁੱਛ ਪੜਤਾਲ ਕਰਨ ਬਾਰੇ ਪਤਾ ਲੱਗਾ ਹੈ। ਪੰਜਾਬ ਪੁਲੀਸ ਨੂੰ ਇਸ ਘਟਨਾ ਸਬੰਧੀ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਰਿਮਾਂਡ ਖ਼ਤਮ ਹੋਣ ਬਾਅਦ ਮੁਹਾਲੀ ਪੁਲੀਸ ਵੱਲੋਂ ਪ੍ਰੋਡਕਸ਼ਨ ਵਰੰਟ ’ਤੇ ਨਿਸ਼ਾਨ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਮੁਹਾਲੀ ਲਿਆਂਦਾ ਜਾਵੇਗਾ ਅਤੇ ਉਸ ਕੋਲੋਂ ਪੁੱਛ ਪੜਤਾਲ ਕੀਤੀ ਜਾਵੇਗੀ।
ਪੁਲੀਸ ਸੂਤਰਾਂ ਅਨੁਸਾਰ ਮੁੱਖ ਦਫ਼ਤਰ ’ਤੇ ਹਮਲਾ ਚਲਦੀ ਕਾਰ ਤੋਂ ਨਹੀਂ ਸਗੋਂ ਹੈੱਡਕੁਆਰਟਰ ਦੇ ਸਾਹਮਣੇ ਖਾਲੀ ਜ਼ਮੀਨ ਤੋਂ ਕੀਤਾ ਗਿਆ। ਇਹ ਜਗ੍ਹਾ ਪਾਰਕਿੰਗ ਲਈ ਵਰਤੀ ਜਾਂਦੀ ਹੈ। ਸੀਸੀਟੀਵੀ ਫੁਟੇਜ ਤੋਂ ਵੀ ਕੁਝ ਅਜਿਹੇ ਸੰਕੇਤ ਮਿਲ ਰਹੇ ਹਨ। ਇੱਥੇ ਇੱਟਾਂ ਦਾ ਸਟੈਂਡ ਬਣਾ ਕੇ 60 ਡਿਗਰੀ ਐਂਗਲ ’ਤੇ ਫਾਇਰ ਕੀਤਾ ਗਿਆ, ਜੋ ਕੰਧ ਦੇ ਕੋਨੇ ਨਾਲ ਟਕਰਾ ਕੇ ਕਮਰੇ ਦੀ ਛੱਤ ਵਿੱਚ ਵੱਜ ਕੇ ਕੁਰਸੀ ’ਤੇ ਜਾ ਡਿੱਗਿਆ ਸੀ। ਇਸ ਸਬੰਧੀ ਫੋਰੈਂਸਿਕ ਮਾਹਿਰਾਂ ਦੀ ਟੀਮ ਪੜਤਾਲ ਕਰ ਰਹੀ ਹੈ। ਘਟਨਾ ਸਥਾਨ ਤੋਂ ਕੁਝ ਹੀ ਦੂਰੀ ’ਤੇ ਪੁਲੀਸ ਨੂੰ ਕੁਝ ਇੱਟਾਂ ਬਰਾਮਦ ਹੋਈਆਂ ਹਨ, ਜਿਨ੍ਹਾਂ ਬਾਰੇ ਇਹ ਖ਼ਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਇੱਥੋਂ ਆਰਪੀਜੀ ਹਮਲਾ ਕੀਤਾ ਗਿਆ ਸੀ। ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਡਰੋਨ ਦੀ ਵਰਤੋਂ ਕਰਨ ਦੀ ਵੀ ਗੱਲ ਕਹੀ ਜਾ ਰਹੀ ਹੈ। ਇਸ ਹਮਲੇ ਸਬੰਧੀ ਅੱਜ ਵੀ ਕੁਝ ਮਸ਼ਕੂਕ ਹਿਰਾਸਤ ਵਿੱਚ ਲਏ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ’ਚੋਂ ਇਕ ਵਿਅਕਤੀ ਨੇ ਹਮਲਾਵਰਾਂ ਨੂੰ ਕਾਰ ਮੁਹੱਈਆ ਕਰਵਾਈ ਸੀ। ਉਧਰ, ਕੌਮੀ ਜਾਂਚ ਏਜੰਸੀ (ਐਨਆਈਏ) ਦੀ ਟੀਮ ਨੇ ਸ਼ਹਿਰ ਅਤੇ ਮੁੱਖ ਸੜਕਾਂ ’ਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀਆਂ ਗਈਆਂ। ਟੀਮ ਦੇ ਮੈਂਬਰਾਂ ਨੇ ਆਮ ਲੋਕਾਂ ਨਾਲ ਵੀ ਸਿੱਧੀ ਗੱਲ ਕਰਕੇ ਸੁਰਾਗ਼ ਲਗਾਉਣ ਦੀ ਕੋਸ਼ਿਸ਼ ਕੀਤੀ ਹੈ।