ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 10 ਮਈ
ਇੱਥੋਂ ਪੰਜਾਬ ਪੁਲੀਸ ਦੇ ਇੰਟੈਲੀਜੈਂਸ ਵਿੰਗ ਦੇ ਮੁੱਖ ਦਫ਼ਤਰ ਦੀ ਇਮਾਰਤ ’ਤੇ ਸੋਮਵਾਰ ਰਾਤ ਨੂੰ ਰਾਕੇਟ ਲਾਂਚਰ ਨਾਲ ਕੀਤੇ ਹਮਲੇ ਦੇ ਤਾਰ ਗੁਆਂਢੀ ਮੁਲਕ ਪਾਕਿਸਤਾਨ ਨਾਲ ਜੁੜੇ ਹੋ ਸਕਦੇ ਹਨ। ਮੌਕੇ ਤੋਂ ਮਿਲਿਆ ਪ੍ਰਾਜੈਕਟਾਈਲ ਨੁਮਾ ਯੰਤਰ ਚੀਨ ਦਾ ਬਣਿਆ ਹੋਇਆ ਜਾਪਦਾ ਹੈ। ਪੁਲੀਸ ਸੂਤਰਾਂ ਅਨੁਸਾਰ ਚੀਨ ਹੀ ਪਾਕਿਸਤਾਨ ਨੂੰ ਹਥਿਆਰ ਸਪਲਾਈ ਕਰਦਾ ਹੈ ਅਤੇ ਪਾਕਿਸਤਾਨ ਅੱਗੇ ਦਹਿਸ਼ਤਗਰਦਾਂ ਨੂੰ ਅਸਲਾ ਮੁਹੱਈਆ ਕਰਵਾਉਂਦਾ ਹੈ। ਜਾਣਕਾਰੀ ਅਨੁਸਾਰ ਗੈਂਗਸਟਰ ਰਿੰਦਾ ਸੰਧੂ ਸਰਹੱਦ ਪਾਰ ਬੈਠਾ ਹੈ। ਪਤਾ ਲੱਗਾ ਹੈ ਕਿ ਹੁਣ ਤੱਕ ਪੰਜਾਬ ਸਣੇ ਹੋਰਨਾਂ ਥਾਵਾਂ ’ਤੇ ਹੋਈਆਂ ਗੈਂਗਵਾਰ ਅਤੇ ਹੋਰ ਅਪਰਾਧਿਕ ਵਾਰਦਾਤਾਂ ਵਿੱਚ ਉਸ ਦਾ ਹੱਥ ਮੰਨਿਆ ਜਾ ਰਿਹਾ ਹੈ। ਪੁਲੀਸ ਵੀ ਇਸ ਦਿਸ਼ਾ ਵਿੱਚ ਜਾਂਚ ਨੂੰ ਅੱਗੇ ਤੋਰ ਰਹੀ ਹੈ।
ਉਧਰ, ਇਸ ਘਟਨਾ ਤੋਂ ਬਾਅਦ ਪੰਜਾਬ ਵਿੱਚ ਕਾਨੂੰਨ ਵਿਵਸਥਾ ’ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਜੇਕਰ ਦਿਨ ਵੇਲੇ ਹਮਲਾ ਹੋਇਆ ਹੁੰਦਾ ਤਾਂ ਇੱਥੇ ਵੱਡਾ ਦੁਖਾਂਤ ਵਾਪਰ ਸਕਦਾ ਸੀ ਕਿਉਂਕਿ ਇਸ ਇਮਾਰਤ ਵਿੱਚ ਉੱਚ ਅਧਿਕਾਰੀ ਬੈਠਦੇ ਹਨ। ਇਸ ਸਬੰਧੀ ਪੁਲੀਸ ਨੇ ਇੰਟੈਲੀਜੈਂਸ ਭਵਨ ਵਿੱਚ ਪੀਏਪੀ ਕੰਪਨੀ ਦੇ ਕਮਾਂਡਰ-ਕਮ-ਸਕਿਓਰਿਟੀ ਇੰਚਾਰਜ ਸਬ-ਇੰਸਪੈਕਟਰ ਬਲਕਾਰ ਸਿੰਘ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਮੁਹਾਲੀ ਦੇ ਸੋਹਾਣਾ ਥਾਣੇ ਵਿੱਚ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਸਬ-ਇੰਸਪੈਕਟਰ ਨੇ ਆਪਣੇ ਬਿਆਨਾਂ ਵਿੱਚ ਕਿਹਾ ਹੈ ਕਿ ਲੰਘੀ ਰਾਤ ਕਰੀਬ ਪੌਣੇ ਅੱਠ ਵਜੇ ਦਫ਼ਤਰ ਦੀ ਤੀਜੀ ਮੰਜ਼ਿਲ ’ਤੇ ਇਕ ਕਮਰੇ ਵਿੱਚ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਉਨ੍ਹਾਂ ਜਦੋਂ ਮੌਕੇ ’ਤੇ ਜਾ ਕੇ ਦੇਖਿਆ ਤਾਂ ਕਮਰਾ ਨੰਬਰ-415 ਵਿੱਚੋਂ ਧੂੰਆਂ ਨਿਕਲ ਰਿਹਾ ਸੀ। ਦਰਵਾਜ਼ਾ ਖੋਲ੍ਹ ਕੇ ਚੈੱਕ ਕਰਨ ਪਤਾ ਲੱਗਾ ਕਿ ਪ੍ਰਜੈਕਟਾਈਲ ਨੁਮਾ ਯੰਤਰ ਬਾਹਰੋਂ ਕੰਧ ਵਿੱਚ ਵੱਜ ਕੇ ਤਾਕੀ ਦੇ ਸ਼ੀਸ਼ੇ ਤੋੜਦਾ ਹੋਇਆ ਅੰਦਰ ਡਿੱਗਿਆ ਪਿਆ ਹੈ।
ਉਧਰ, ਪੁਲੀਸ ਨੇ ਮੁਲਜ਼ਮਾਂ ਦੀ ਪੈੜ ਨੱਪਣ ਲਈ ਇੰਟੈਲੀਜੈਂਸ ਵਿੰਗ ਦਫ਼ਤਰ ਦੇ ਨੇੜਲੇ ਮੋਬਾਈਲ ਟਾਵਰਾਂ ਦੀ ਰੇਂਜ ਵਿੱਚ ਆਉਣ ਵਾਲੇ ਕਰੀਬ 7 ਹਜ਼ਾਰ ਮੋਬਾਈਲ ਫੋਨਾਂ ਦਾ ਡੰਪ ਚੁੱਕਿਆ ਹੈ। ਮੁੱਢਲੀ ਜਾਂਚ ਵਿੱਚ ਸੀਸੀਟੀਵੀ ਫੁਟੇਜ ਵਿੱਚ ਇਕ ਸ਼ੱਕੀ ਸਵਿਫ਼ਟ ਕਾਰ ਵੀ ਇੰਟੈਲੀਜੈਂਸ ਵਿੰਗ ਦੇ ਨੇੜੇ ਗੇੜੇ ਮਾਰਦੀ ਨਜ਼ਰ ਆ ਰਹੀ ਹੈ। ਦਫ਼ਤਰ ਨੂੰ ਜਾਣ ਵਾਲੀ ਸੜਕ ’ਤੇ ਟੀ-ਪੁਆਇੰਟ ਉੱਤੇ ਪੁਲੀਸ ਵੱਲੋਂ ਬੈਰੀਕੇਡਿੰਗ ਕੀਤੀ ਗਈ ਹੈ। ਇਸ ਹਮਲੇ ਤੋਂ ਬਾਅਦ ਮੁਹਾਲੀ ਕੌਮਾਂਤਰੀ ਏਅਰਪੋਰਟ ਅਤੇ ਰੇਲਵੇ ਸਟੇਸ਼ਨ ’ਤੇ ਵੀ ਸੁਰੱਖਿਆ ਵਧਾਈ ਗਈ ਹੈ।
ਅੰਮ੍ਰਿਤਸਰ ’ਚ ਚੌਕਸੀ ਵਧਾਈ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਮੁਹਾਲੀ ਸਥਿਤ ਪੁਲੀਸ ਦੇ ਖ਼ੁਫ਼ੀਆ ਵਿੰਗ ਦੇ ਹੈੱਡਕੁਆਰਟਰ ’ਤੇ ਹੋਏ ਹਮਲੇ ਤੋਂ ਬਾਅਦ ਇੱਥੇ ਸਰਹੱਦੀ ਜ਼ਿਲ੍ਹੇ ਵਿੱਚ ਵੀ ਪੁਲੀਸ ਨੂੰ ਚੌਕਸ ਕੀਤਾ ਗਿਆ ਹੈ। ਅੱਜ ਇੱਥੇ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਨੇ ਇਸ ਸਬੰਧੀ ਮੀਟਿੰਗ ਵੀ ਕੀਤੀ ਹੈ ਅਤੇ ਕਈ ਥਾਵਾਂ ’ਤੇ ਸਰਚ ਅਪਰੇਸ਼ਨ ਚਲਾਇਆ ਗਿਆ ਹੈ। ਪੁਲੀਸ ਦੇ ਡੀਸੀਪੀ ਪਰਮਿੰਦਰ ਸਿੰਘ ਭੰਡਾਲ ਨੇ ਆਖਿਆ ਕਿ ਛੇ ਜੂਨ ਨੂੰ ਘੱਲੂਘਾਰਾ ਦਿਵਸ ਦੇ ਮੱਦੇਨਜ਼ਰ ਪੁਲੀਸ ਵੱਲੋਂ ਵਧੇਰੇ ਚੌਕਸੀ ਵਰਤੀ ਜਾ ਰਹੀ ਹੈ ਪਰ ਮੁਹਾਲੀ ਵਿੱਚ ਵਾਪਰੀ ਘਟਨਾ ਤੋਂ ਬਾਅਦ ਪੁਲੀਸ ਨੂੰ ਹੋਰ ਚੌਕਸ ਕਰ ਦਿੱਤਾ ਗਿਆ ਹੈ।