ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 2 ਜੂਨ
ਮੁੱਖ ਅੰਸ਼
- ਅਦਾਲਤ ਨੇ ਦੋ ਦਿਨ ਦੇ ਰਿਮਾਂਡ ’ਤੇ ਭੇਜਿਆ
ਵਿਜੀਲੈਂਸ ਬਿਊਰੋ ਨੇ ਅੱਜ ਮੁਹਾਲੀ ਦੇ ਜ਼ਿਲ੍ਹਾ ਜੰਗਲਾਤ ਅਫ਼ਸਰ ਗੁਰਅਮਨਪ੍ਰੀਤ ਸਿੰਘ ਬੈਂਸ ਅਤੇ ਠੇਕੇਦਾਰ ਹਰਮਹਿੰਦਰ ਸਿੰਘ ਉਰਫ਼ ਹੈਮੀ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਡਬਲਿਊਡਬਲਿਊਆਈਸੀਐੱਸ ਕੰਪਨੀ ਦੇ ਮਾਲਕ ਦਵਿੰਦਰ ਸਿੰਘ ਸੰਧੂ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ। ਦੋਵਾਂ ਨੂੰ ਸੰਧੂ ਦੇ ਪ੍ਰਾਜੈਕਟਾਂ ਸਬੰਧੀ ਪੱਖ ਲੈਣ ਬਦਲੇ 2 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰਕੇ ਡੀਐੱਫ਼ਓ ਅਤੇ ਠੇਕੇਦਾਰ ਵਿਰੁੱਧ ਵਿਜੀਲੈਂਸ ਥਾਣਾ ਮੁਹਾਲੀ ਵਿੱਚ ਕੇਸ ਦਰਜ ਕੀਤਾ ਗਿਆ ਹੈ। ਪਿਛਲੇ ਦਿਨੀਂ ਇਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ, ਜਿਸ ਦੇ ਆਧਾਰ ’ਤੇ ਤਾਜ਼ਾ ਮਾਮਲਾ ਦਰਜ ਕੀਤਾ ਗਿਆ ਹੈ।ਇਸ ਦੌਰਾਨ ਦੇਰ ਸ਼ਾਮ ਵਿਜੀਲੈਂਸ ਨੇ ਡੀਐੱਫਓ ਗੁਰਅਮਨਪ੍ਰੀਤ ਅਤੇ ਠੇਕੇਦਾਰ ਨੂੰ ਮੁਹਾਲੀ ਅਦਾਲਤ ’ਚ ਪੇਸ਼ ਕੀਤਾ। ਅਦਾਲਤ ਨੇ ਦੋਹਾਂ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦਾ ਸਰਕਾਰੀ ਹਸਪਤਾਲ ’ਚ ਮੈਡੀਕਲ ਕਰਵਾਇਆ ਗਿਆ ਸੀ।
ਵਿਜੀਲੈਂਸ ਅਨੁਸਾਰ ਸ਼ਿਕਾਇਤਕਰਤਾ ਦਵਿੰਦਰ ਸੰਧੂ ਤੇ ਉਸ ਦਾ ਪਿਤਾ ਬੀ ਐੱਸ ਸੰਧੂ ਕਰੀਬ 100 ਏਕੜ ਜ਼ਮੀਨ ਦੇ ਮਾਲਕ ਹਨ ਅਤੇ ਇਸ ਜ਼ਮੀਨ ਦਾ ਕੁਝ ਹਿੱਸਾ ਪੰਜਾਬ ਲੈਂਡ ਪ੍ਰਿਜ਼ਰਵੇਸ਼ਨ ਐਕਟ ਅਧੀਨ ਆਉਂਦਾ ਹੈ। ਵਣ ਰੇਂਜ ਅਫ਼ਸਰ ਰਣਜੋਧ ਸਿੰਘ ਵੱਲੋਂ ਬਲਜੀਤ ਸਿੰਘ ਸੰਧੂ ਖ਼ਿਲਾਫ਼ 24 ਅਪਰੈਲ ਨੂੰ ਥਾਣਾ ਨਵਾਂ ਗਰਾਓਂ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਸ ਸਬੰਧੀ ਦਵਿੰਦਰ ਸੰਧੂ, ਰਣਜੋਧ ਸਿੰਘ ਤੇ ਅਮਨ ਪਟਵਾਰੀ ਨੇ ਜੰਗਲਾਤ ਠੇਕੇਦਾਰ ਹਰਮਹਿੰਦਰ ਸਿੰਘ ਨਾਲ ਉਨ੍ਹਾਂ ਦੇ ਦਫ਼ਤਰ ਵਿੱਚ ਮੁਲਾਕਾਤ ਕੀਤੀ, ਜਿੱਥੇ ਰਣਜੋਧ ਸਿੰਘ ਨੇ ਖੁਲਾਸਾ ਕੀਤਾ ਕਿ ਉਪਰੋਕਤ ਸ਼ਿਕਾਇਤ ਉਸ ਵੱਲੋਂ ਡੀਐੱਫ਼ਓ ਗੁਰਅਮਨਪ੍ਰੀਤ ਸਿੰਘ ਤੇ ਕੰਜ਼ਰਵੇਟਰ ਆਫ਼ ਫਾਰੈਸਟ (ਵਣਪਾਲ) ਵਿਸ਼ਾਲ ਚੌਹਾਨ ਦੇ ਕਹਿਣ ’ਤੇ ਕਰਵਾਈ ਗਈ ਹੈ। ਜੰਗਲਾਤ ਠੇਕੇਦਾਰ ਨੇ ਦਵਿੰਦਰ ਸੰਧੂ ਨਾਲ ਟੈਲੀਫੋਨ ’ਤੇ ਸੰਪਰਕ ਕੀਤਾ ਅਤੇ ਉਸ ਨੂੰ ਬੀਤੀ 30 ਅਪਰੈਲ ਨੂੰ ਗੁਰਅਮਨਪ੍ਰੀਤ ਸਿੰਘ ਡੀਐੱਫ਼ਓ ਨੂੰ ਮਿਲਣ ਲਈ 2 ਲੱਖ ਰੁਪਏ ਦੇ ਇੱਕ ਪੈਕੇਟ ਸਣੇ ਸੈਕਟਰ-74 ਸਥਿਤ ਆਪਣੇ ਦਫ਼ਤਰ ਸੱਦਿਆ। ਇਸ ਪਿੱਛੋਂ ਦਵਿੰਦਰ ਸਿੰਘ ਸੰਧੂ, ਹਰਮਹਿੰਦਰ ਸਿੰਘ ਦੇ ਦਫ਼ਤਰ ਗਿਆ ਅਤੇ ਉਸ ਨੇ ਸਾਰੀ ਘਟਨਾ ਰਿਕਾਰਡ ਕਰ ਲਈ। ਠੇਕੇਦਾਰ ਨੇ ਦਵਿੰਦਰ ਸੰਧੂ ਨੂੰ ਕਿਹਾ ਕਿ ਜੇਕਰ ਉਸ ਨੇ ਫਾਰਮ ਹਾਊਸ ਤੋਂ ਇੱਕ ਕਰੋੜ ਰੁਪਏ ਕਮਾਏ ਹਨ ਤਾਂ ਉਸ ’ਚੋਂ 90 ਲੱਖ ਰੁਪਏ ਡੀਐੱਫ਼ਓ ਨੂੰ ਦੇਣੇ ਬਣਦੇ ਹਨ। ਠੇਕੇਦਾਰ ਦੇ ਕਹਿਣ ’ਤੇ ਦਵਿੰਦਰ ਸੰਧੂ ਨੇ 2 ਲੱਖ ਰੁਪਏ ਵਾਲਾ ਪੈਕੇਟ ਡੀਐੱਫ਼ਓ ਨੂੰ ਸੌਂਪ ਦਿੱਤਾ। ਸੰਧੂ ਨੇ ਉਨ੍ਹਾਂ ਦੀ ਮੰਗ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਸ਼ਿਕਾਇਤਕਰਤਾ ਦੇ ਪਿਤਾ ਤੇ ਉਸ ਦੀ ਕੰਪਨੀ ਦੇ ਕਰਮਚਾਰੀ ਖ਼ਿਲਾਫ਼ ਨਵਾਂ ਗਰਾਓਂ ਥਾਣੇ ਵਿੱਚ ਕੇਸ ਦਰਜ ਕਰਵਾ ਦਿੱਤਾ ਗਿਆ ਸੀ।