ਦਰਸ਼ਨ ਸਿੰਘ ਸੋਢੀ
ਮੁਹਾਲੀ, 7 ਅਗਸਤ
ਇਥੋਂ ਦੇ ਵਾਰਡ ਨੰਬਰ-38 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਨਗਰ ਨਿਗਮ ਦੀ ਚੋਣ ਲੜਨ ਵਾਲੇ ਸੀਨੀਅਰ ਯੂਥ ਆਗੂ ਅਜੈਪਾਲ ਸਿੰਘ ਮਿੱਡੂਖੇੜਾ ਦੇ ਛੋਟੇ ਭਰਾ ਅਤੇ ਐੱਸਓਆਈ ਦੇ ਸਾਬਕਾ ਪ੍ਰਧਾਨ ਵਿੱਕੀ ਮਿੱਢੂਖੇੜਾ ਨੂੰ ਦਿਨ ਦਿਹਾੜੇ ਗੋਲੀਆਂ ਮਾਰ ਕੇ ਮਾਰ ਦਿੱਤਾ। ਉਸ ਉਪਰ 10 ਗੋਲੀਆਂ ਚਲਾਈਆਂ। ਘਟਨਾ ਤੋਂ ਬਾਅਦ ਸ਼ਹਿਰ ਵਿੱਚ ਦਹਿਸ਼ਤ ਹੈ। ਇਹ ਘਟਨਾ ਮੁਹਾਲੀ ਦੇ ਸੈਕਟਰ-71 ਸਥਿਤ ਕਮਿਊਨਿਟੀ ਸੈਂਟਰ ਨੇੜੇ ਦੀ ਹੈ। ਪਿੰਡ ਵਾਸੀ ਮਨਦੀਪ ਸਿੰਘ ਵੱਲੋਂ ਆਪਣੇ ਸਾਥੀਆਂ ਦੀ ਮਦਦ ਨਾਲ ਵਿੱਕੀ ਨੂੰ ਤੁਰੰਤ ਨੇੜੇ ਦੇ ਆਈਵੀਵਾਈ ਹਸਪਤਾਲ ਵਿੱਚ ਪਹੁੰਚਾ ਦਿੱਤਾ ਗਿਆ ਸੀ ਪਰ ਮੁੱਢਲੀ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਟੌਰ ਪੁਲੀਸ ਦੇ ਕਰਮਚਾਰੀ ਵੀ ਮੌਕੇ ’ਤੇ ਪਹੁੰਚ ਗਏ।