ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 17 ਜੂਨ
ਅੱਜ ਬਾਅਦ ਦੁਪਹਿਰ 1.40 ਵਜੇ ਹਥਿਆਰਬੰਦ ਦੋ ਲੁਟੇਰਿਆਂ ਨੇ ਢਾਈ ਮਿੰਟ ਵਿੱਚ ਫੇਜ਼-3ਏ ਵਿੱਚ ਕਾਮਾ ਹੋਟਲ ਨੇੜੇ ਪੰਜਾਬ ਨੈਸ਼ਨਲ ਬੈਂਕ ਵਿੱਚ ਡਾਕਾ ਮਾਰ ਕੇ 4 ਲੱਖ 80 ਹਜ਼ਾਰ ਰੁਪਏ ਲੁੱਟ ਲਏ। ਇਹ ਵਾਰਦਾਤ ਬੈਂਕ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਮਟੌਰ ਥਾਣਾ ਦੇ ਐੱਸਐੱਚਓ ਰਾਜੀਵ ਕੁਮਾਰ, ਡੀਐੱਸਪੀ ਗੁਰਸ਼ੇਰ ਸਿੰਘ ਸੰਧੂ ਤੁਰੰਤ ਮੌਕੇ ’ਤੇ ਪਹੁੰਚ ਗਏ।
ਬਾਅਦ ਵਿੱਚ ਐੱਸਐੱਸਪੀ ਕੁਲਦੀਪ ਸਿੰਘ ਚਾਹਲ ਨੇ ਵੀ ਮੌਕੇ ਦਾ ਜਾਇਜ਼ਾ ਲਿਆ ਅਤੇ ਬੈਂਕ ਸਟਾਫ਼ ਤੋਂ ਪੁੱਛ-ਪੜਤਾਲ ਕੀਤੀ। ਲੁਟੇਰਿਆਂ ਵਿੱਚੋਂ ਇਕ ਨੇ ਆਪਣੇ ਮੂੰਹ ’ਤੇ ਰੁਮਾਲ ਬੰਨ੍ਹਿਆਂ ਹੋਇਆ ਸੀ, ਜਦੋਂਕਿ ਦੂਜੇ ਨੇ ਮਾਸਕ ਲਾਇਆ ਹੋਇਆ ਸੀ। ਉਨ੍ਹਾਂ ਆਉਂਦੇ ਹੀ ਕਾਊਂਟਰ ’ਤੇ ਬੈਠੀ ਔਰਤ ਨੂੰ ਪਿਸਤੌਲ ਦਿਖਾ ਕੇ 4 ਲੱਖ 80 ਹਜ਼ਾਰ ਰੁਪਏ ਲੈ ਕੇ ਫਰਾਰ ਹੋ ਗਏ। ਵਾਰਦਾਤ ਮੌਕੇ ਬੈਂਕ ਵਿੱਚ ਕੋਈ ਸੁਰੱਖਿਆ ਗਾਰਡ ਤਾਇਨਾਤ ਨਹੀਂ ਸੀ।