ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 3 ਜੁਲਾਈ
ਪੰਜਾਬ ਪੁਲੀਸ ਦੇ ਪੰਜਾਬ ਬਿਊਰੋ ਆਫ਼ ਇੰਨਵੈਸਟੀਗੇਸ਼ਨ (ਪੀਬੀਆਈ) ਨੇ ਰਾਜ ਮਿਸਤਰੀ ਸ਼ਿਆਮ ਸਿੰਘ ਵਾਸੀ ਅੰਬ ਸਾਹਿਬ ਕਲੋਨੀ ਦੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮ੍ਰਿਤਕ ਦੇ ਭਤੀਜੇ ਮੁਕੇਸ਼ ਕੁਮਾਰ ਦੇ ਬਿਆਨਾਂ ’ਤੇ 29 ਅਕਤੂਬਰ 2019 ਨੂੰ ਥਾਣਾ ਫੇਜ਼-11 ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ। ਰੂਪਨਗਰ ਰੇਂਜ ਦੇ ਆਈਜੀ ਅਮਿਤ ਪ੍ਰਸ਼ਾਦ ਅਤੇ ਮੁਹਾਲੀ ਦੇ ਐੱਸਐੱਸਪੀ ਕੁਲਦੀਪ ਸਿੰਘ ਚਾਹਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਬਿਊਰੋ ਆਫ਼ ਇੰਨਵੈਸਟੀਗੇਸ਼ਨ ਦੇ ਐਸਪੀ ਹਰਬੀਰ ਸਿੰਘ ਅਟਵਾਲ ਦੀ ਨਿਗਰਾਨੀ ਹੇਠ ਪੀਬੀਆਈ ਦੇ ਜ਼ਿਲ੍ਹਾ ਮੁਹਾਲੀ ਦੇ ਇੰਚਾਰਜ ਸਬ ਇੰਸਪੈਕਟਰ ਕੁਲਵੰਤ ਸਿੰਘ ਅਤੇ ਥਾਣਾ ਫੇਜ਼-11 ਦੇ ਐਸਐਚਓ ਜਗਦੀਪ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਮੁਲਜ਼ਮਾਂ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਬਿਊਰੋ ਦੀ ਟੀਮ ਨੇ ਇਸ ਅੰਨ੍ਹੇ ਕਤਲ ਕੇਸ ਨੂੰ ਹੱਲ ਕਰਕੇ ਤਿੰਨ ਮੁਲਜ਼ਮਾਂ ਗਜ਼ਾ ਰਾਮ ਵਾਸੀ ਖੰਜੀਪੁਰਾ (ਯੂਪੀ) ਹਾਲ ਵਾਸੀ ਪਿੰਡ ਮਜਾਤੜੀ (ਮੁਹਾਲੀ), ਸਤਵੀਰ ਸੱਤਾ ਵਾਸੀ ਮਿਲਕ ਮਲਿਆਰੋਵਾਲੀ (ਯੂਪੀ) ਹਾਲ ਵਾਸੀ ਬਘੋਰਾ (ਹੁਸ਼ਿਆਰਪੁਰ) ਅਤੇ ਮਹਾਵੀਰ ਸਿੰਘ ਵਾਸੀ ਚੰਦੋਈ ਨਾਗਰਾ (ਯੂਪੀ) ਹਾਲ ਵਾਸੀ ਕਿਰਾਏਦਾਰ ਅੰਬ ਸਾਹਿਬ ਕਲੋਨੀ (ਮੁਹਾਲੀ) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਐੱਸਪੀ ਹਰਬੀਰ ਸਿੰਘ ਅਟਵਾਲ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਮ੍ਰਿਤਕ ਦਾ ਮੋਬਾਈਲ ਫੋਨ ਅਤੇ ਪਰਸ ਵੀ ਬਰਾਮਦ ਕਰ ਲਿਆ ਹੈ ਅਤੇ ਵਾਰਦਾਤ ਵੇਲੇ ਰਾਜ ਮਿਸਤਰੀ ਤੋਂ ਲੁੱਟੇ 60 ਹਜ਼ਾਰ ਰੁਪਏ ਬਰਾਮਦ ਕਰਨੇ ਬਾਕੀ ਹਨ। ਸ਼ਿਆਮ ਸਿੰਘ ਇੱਥੋਂ ਦੇ ਫੇਜ਼-10 ਵਿੱਚ ਇਕ ਠੇਕੇਦਾਰ ਕੋਲ ਰਾਜ ਮਿਸਤਰੀ ਸੀ ਅਤੇ ਰਾਤ ਨੂੰ ਉਸਾਰੀ ਅਧੀਨ ਇਮਾਰਤ ਦੀ ਦੇਖਭਾਲ ਲਈ ਚੌਕੀਦਾਰੀ ਵੀ ਕਰਦਾ ਸੀ। ਪਿਛਲੇ ਸਾਲ ਦੀਵਾਲੀ ਤੋਂ ਇਕ ਦਿਨ ਬਾਅਦ 28 ਅਕਤੂਬਰ ਦੀ ਸ਼ਾਮ ਨੂੰ ਤਿੰਨੇ ਮੁਲਜ਼ਮਾਂ ਨੇ ਸ਼ਿਆਮ ਸਿੰਘ ਨਾਲ ਫੇਜ਼-11 ਵਿੱਚ ਜੂਆ ਖੇਡਿਆ ਸੀ ਪ੍ਰੰਤੂ ਜੂਏ ਦੇ ਸਾਰੇ ਪੈਸੇ (60 ਹਜ਼ਾਰ) ਸ਼ਿਆਮ ਸਿੰਘ ਨੇ ਜਿੱਤ ਲਏ ਸੀ। ਜੂਆ ਖੇਡਣ ਤੋਂ ਬਾਅਦ ਸ਼ਿਆਮ ਸਿੰਘ ਵਾਪਸ ਘਰ ਜਾ ਰਿਹਾ ਸੀ ਕਿ ਮੁਲਜ਼ਮਾਂ ਨੇ ਉਸ ਨੂੰ ਘੇਰ ਕੇ ਸਿਰ ਵਿੱਚ ਪੱਥਰ ਮਾਰ ਕੇ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ ਅਤੇ ਉਸ ਕੋਲੋਂ ਜੂਏ ’ਚ ਜਿੱਤੇ ਸਾਰੇ ਪੈਸੇ ਅਤੇ ਪਰਸ ਅਤੇ ਮੋਬਾਈਲ ਖੋਹ ਲਿਆ ਅਤੇ ਖੂਨ ਨਾਲ ਲੱਥਪੱਥ ਸ਼ਿਆਮ ਸਿੰਘ ਨੂੰ ਅੰਬ ਸਾਹਿਬ ਕਲੋਨੀ ਨੇੜਿਓਂ ਲੰਘਦੀ ਰੇਲਵੇ ਟਰੈਕ ਨੇੜੇ ਝਾੜੀਆਂ ਦੇ ਪਿੱਛੇ ਸੁੱਟ ਦਿੱਤਾ।