ਦਰਸ਼ਨ ਸਿੰਘ ਸੋਢੀ
ਮੁਹਾਲੀ, 21 ਮਈ
ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ (ਪੀਡੀਐੱਫਏ) ਵੱਲੋਂ ਦੁੱਧ ਦਾ ਭਾਅ ਵਧਾਉਣ ਸਮੇਤ ਦੁੱਧ ਉਤਪਾਦਕਾਂ (ਕਿਸਾਨਾਂ) ਦੀਆਂ ਹੋਰ ਹੱਕੀ ਮੰਗਾਂ ਬਾਰੇ ਅੱਜ ਇੱਥੋਂ ਦੇ ਫੇਜ਼-6 ਸਥਿਤ ਵੇਰਕਾ ਮਿਲਕ ਪਲਾਂਟ ਦਾ ਘਿਰਾਓ ਕਰਕੇ ਮੁਹਾਲੀ-ਚੰਡੀਗੜ੍ਹ ਮੁੱਖ ਸੜਕ ’ਤੇ ਚੱਕਾ ਜਾਮ ਕਰਕੇ ਸੂਬਾ ਸਰਕਾਰ ਦੇ ਖ਼ਿਲਾਫ਼ ਵਿਸ਼ਾਲ ਮੁਜ਼ਾਹਰਾ ਕੀਤਾ ਗਿਆ। ਪੰਜਾਬ ਭਰ ’ਚੋਂ ਡੇਅਰੀ ਫਾਰਮਿੰਗ ਅਤੇ ਦੁੱਧ ਦਾ ਧੰਦਾ ਕਰਨ ਵਾਲੇ ਕਿਸਾਨ ਸਵੇਰੇ 11 ਵਜੇ ਹੀ ਮੁਹਾਲੀ ਪਹੁੰਚਣੇ ਸ਼ੁਰੂ ਹੋ ਗਏ ਅਤੇ ਬਾਅਦ ਦੁਪਹਿਰ ਦੋ ਵਜੇ ਤੱਕ ਦੁੱਧ ਉਤਪਾਦਕਾਂ ਅਤੇ ਕਿਸਾਨਾਂ ਦੀ ਵੱਡੀ ਭੀੜ ਜਮ੍ਹਾਂ ਹੋ ਗਈ। ਸੜਕ ਜਾਮ ਕਾਰਨ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਡੇਅਰੀ ਇੰਡਸਟਰੀ, ਫੀਡ ਇੰਡਸਟਰੀ ਦੇ ਨੁਮਾਇੰਦਿਆਂ ਨੇ ਵੀ ਧਰਨੇ ਵਿੱਚ ਸ਼ਮੂਲੀਅਤ ਕਰਕੇ ਸਮਰਥਨ ਦੇਣ ਦਾ ਐਲਾਨ ਕੀਤਾ।
ਫੀਡ ਮਿਲ ਐਸੋਸੀਏਸ਼ਨ ਦੇ ਪ੍ਰਧਾਨ ਬਲਜਿੰਦਰ ਸਿੰਘ, ਗੁਰ ਰਜਵੰਤ ਸਿੰਘ ਸੋਢੀ ਅਤੇ ਹੋਰਨਾਂ ਆਗੂਆਂ ਨੇ ਮੰਗ ਕੀਤੀ ਕਿ ਦੁੱਧ ਦਾ ਰੇਟ ਘੱਟ ਅਤੇ ਫੀਡ ਅਤੇ ਚਾਰੇ ਦਾ ਰੇਟ ਵੱਧ ਹੋਣ ਕਾਰਨ ਦੁੱਧ ਉਤਪਾਦਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਦੁੱਧ ਦਾ ਰੇਟ ਘੱਟੋ ਘੱਟ 7 ਤੋਂ 8 ਰੁਪਏ ਪ੍ਰਤੀ ਕਿੱਲੋਂ ਵਧਾਇਆ ਜਾਵੇ ਅਤੇ ਫੀਡ ’ਤੇ ਸਬਸਿਡੀ ਦਿੱਤੀ ਜਾਵੇ।