ਦਰਸ਼ਨ ਸਿੰਘ ਸੋਢੀ
ਮੁਹਾਲੀ, 14 ਨਵੰਬਰ
ਡੈਮੋਕ੍ਰੇਟਿਕ ਮਿੱਡ-ਡੇਅ-ਮੀਲ ਕੁੱਕ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਹਰਜਿੰਦਰ ਕੌਰ ਲੋਪੇ ਦੀ ਅਗਵਾਈ ਹੇਠ 21 ਨਵੰਬਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸ੍ਰੀ ਚਮਕੌਰ ਸਾਹਿਬ ਹਲਕੇ ਅਧੀਨ ਆਉਂਦੇ ਮੋਰਿੰਡਾ ਸ਼ਹਿਰ, ਜਿੱਥੇ ਕਿ ਚੰਨੀ ਦੀ ਰਿਹਾਇਸ਼ ਹੈ, ਦੇ ਨੇੜੇ ਕੁੱਕ ਬੀਬੀਆਂ ਵੱਲੋਂ ਸੂਬਾ ਪੱਧਰੀ ਪ੍ਰਦਰਸ਼ਨ ਕਰਕੇ ਕਾਂਗਰਸ ਸਰਕਾਰ ਦਾ ਸਿਆਪਾ ਕੀਤਾ ਜਾਵੇਗਾ। ਅੱਜ ਇੱਥੇ ਸ੍ਰੀਮਤੀ ਲੋਪੇ ਨੇ ਦੱਸਿਆ ਕਿ ਉਹ ਆਪਣੀਆਂ ਮੰਗਾਂ ਲਈ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀਆਂ ਹਨ। ਸਰਕਾਰ ਨਾਲ ਕੁੱਕ ਬੀਬੀਆਂ ਦੀਆਂ ਜਾਇਜ਼ ਮੰਗਾਂ ਬਾਰੇ ਕਈ ਵਾਰ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਗਰੀਬੀ ਵਿੱਚ ਰਹਿ ਰਹੀਆਂ ਮਿੱਡ-ਡੇਅ-ਮੀਲ ਕੁੱਕ ਨੂੰ 2200 ਰੁਪਏ ਪ੍ਰਤੀ ਮਹੀਨਾ ਨਿਗੂਣੀ ਤਨਖ਼ਾਹ ਦਿੱਤੀ ਜਾ ਰਹੀ ਹੈ, ਜਦੋਂਕਿ ਗੁਆਂਢੀ ਸੂਬਾ ਹਰਿਆਣਾ ਵਿੱਚ 4500 ਰੁਪਏ, ਤਾਮਿਲਨਾਡੂ ਵਿੱਚ 6500 ਰੁਪਏ ਦਿੱਤੀ ਜਾ ਰਹੀ ਹੈ। ਤਿੰਨ ਮਹੀਨਿਆਂ ਤੋਂ ਕੁੱਕ ਬੀਬੀਆਂ ਨੂੰ ਤਨਖ਼ਾਹ ਨਹੀਂ ਮਿਲੀ। ਸਰਕਾਰ ਦੀ ਬੇਧਿਆਨੀ ਕਾਰਨ ਪੰਜਾਬ ਵਿੱਚ 50 ਹਜ਼ਾਰ ਮਿੱਡ-ਡੇਅ-ਮੀਲ ਕੁੱਕ ਨੂੰ ਆਪਣਾ ਅਤੇ ਪਰਿਵਾਰਾਂ ਦਾ ਗੁਜ਼ਾਰਾ ਚਲਾਉਣਾ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਨੂੰ ਸਾਲ ਵਿੱਚ 12 ਦੀ ਥਾਂ ਸਿਰਫ਼ 10 ਮਹੀਨੇ ਤਨਖ਼ਾਹ ਮਿਲਦੀ ਹੈ। ਕੋਈ ਮਹਿੰਗਾਈ ਭੱਤਾ ਦਿੱਤਾ ਨਹੀਂ ਦਿੱਤਾ ਜਾਂਦਾ ਹੈ, ਨਾ ਹੀ ਵਿਭਾਗ ਵੱਲੋਂ ਬੀਮਾ ਕਰਵਾਇਆ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਕੁੱਕ ਦੀਆਂ ਸੇਵਾਵਾਂ ਨੂੰ ਘੱਟੋ-ਘੱਟ ਉਜ਼ਰਤ ਅਧੀਨ ਲਿਆਂਦਾ ਜਾਵੇ ਅਤੇ ਉਨ੍ਹਾਂ ਦਾ 5 ਲੱਖ ਰੁਪਏ ਬੀਮਾ ਕਰਵਾਇਆ ਜਾਵੇ। ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਘਟਣ ਦੇ ਆਧਾਰ ’ਤੇ ਕੁੱਕ ਬੀਬੀਆਂ ਨੂੰ ਕੰਮ ਤੋਂ ਹਟਾਉਣਾ ਬੰਦ ਕੀਤਾ ਜਾਵੇ। ਜਿਨ੍ਹਾਂ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਵਧ ਚੁੱਕੀ ਹੈ, ਉੱਥੇ ਤੁਰੰਤ ਨਵੀਂ ਕੁੱਕ ਭਰਤੀ ਕੀਤੀਆਂ ਜਾਣ। ਉਨ੍ਹਾਂ ਮੰਗ ਕੀਤੀ ਬੀਏ ਪਾਸ ਮਿਡ-ਡੇਅ-ਮੀਲ ਕੁੱਕ ਨੂੰ ਬਲਾਕ ਦਫ਼ਤਰਾਂ ਵਿੱਚ ਸਹਾਇਕ ਮੈਨੇਜਰ ਦੀ ਤਰੱਕੀ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕੇ 21 ਨਵੰਬਰ ਨੂੰ ਕੁੱਕ ਬੀਬੀਆਂ ਸਵੇਰੇ ਮਹਾਰਾਣਾ ਪ੍ਰਤਾਪ ਸਿੰਘ ਚੌਂਕ ਮੋਰਿੰਡਾ ਨੇੜੇ ਇਕੱਠੀਆਂ ਹੋਣਗੀਆਂ। ਇੱਥੋਂ ਮਾਰਚ ਕਰਦੇ ਹੋਏ ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕੀਤਾ ਜਾਵੇਗਾ। ਇਸ ਮੌਕੇ ਹਰਿੰਦਰ ਕੌਰ ਕਾਈਨੌਰ, ਸੁਰਿੰਦਰ ਕੌਰ ਬਹਬਿਲਪੁਰ, ਮੁਕੇਸ਼ ਰਾਣੀ ਵੀ ਹਾਜ਼ਰ ਸਨ।