ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 18 ਮਈ
ਸਥਾਨਕ ਵਾਰਡ ਨੰਬਰ ਇੱਕ ਵਿਚ ਸਫਾਈ ਵਿਵਸਥਾ ਬੁਰੀ ਤਰ੍ਹਾਂ ਡਗਮਗਾ ਗਈ ਹੈ, ਕੂੜੇ ਦੇ ਢੇਰਾਂ ਕਾਰਨ ਹਵਾ ਵਿੱਚ ਬਦਬੂ ਫੈਲ ਰਹੀ ਹੈ। ਜਿਸ ਕਾਰਨ ਸਥਾਨਕ ਲੋਕ ਪ੍ਰੇਸ਼ਾਨ ਹੋ ਰਹੇ ਹਨ। ਇਸ ਦੇ ਨਾਲ ਹੀ ਇਸ ਮੁਹੱਲੇ ਤੋਂ ਜੀਟੀ ਰੋਡ ਨੂੰ ਜਾਣ ਵਾਲੇ ਰਸਤੇ ਉੱਪਰ ਪਿਛਲੇ ਕਾਫੀ ਲੰਮੇ ਸਮੇਂ ਤੋਂ ਸੀਵਰੇਜ ਦਾ ਢਿੱਲਾ ਕੰਮ ਚੱਲਦਾ ਹੋਣ ਕਾਰਨ ਇਹ ਰਸਤਾ ਬੰਦ ਪਿਆ ਹੋਇਆ ਹੈ। ਸਥਾਨਕ ਵਾਸੀ ਜੋਗਿੰਦਰ ਸਿੰਘ ਫ਼ੌਜੀ ਅਤੇ ਹੋਰ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਬਦਬੂ ਕਾਰਨ ਇੱਥੇ ਰਹਿਣਾ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਦੱਸਿਆ ਮੁਹੱਲੇ ਦੇ ਬਿਲਕੁਲ ਨਾਲ ਲੱਗਦਾ ਗੁਲਿਆਣੀ ਛੱਪੜ ਨੂੰ ਨਗਰ ਕੌਂਸਲ ਵੱਲੋਂ ਕੂੜੇ ਦੇ ਡੰਪ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਡੰਪ ਦੇ ਨਾਲ ਦਲਿਤਾਂ ਦੇ ਸ਼ਮਸ਼ਾਨਘਾਟ ਦੀ ਕਰੀਬ ਛੇ ਕਨਾਲ ਜ਼ਮੀਨ ਵੀ ਹੌਲੀ ਹੌਲੀ ਕਚਰੇ ਦੇ ਡੰਪ ਨੇ ਨਿਗਲਣੀ ਸ਼ੁਰੂ ਕਰ ਦਿੱਤੀ ਹੈ। ਸਥਾਨਕ ਵਾਰਡ ਨੰਬਰ ਇਕ ਦੇ ਕੌਂਸਲਰ ਡਿੰਪਲ ਦੇ ਪਤੀ ਚਰਨਜੀਤ ਸਿੰਘ ਟੀਟੋ ਨੇ ਕਿਹਾ ਕਿ ਉਹ ਆਪ ਨਗਰ ਕੌਂਸਲ ਨੂੰ ਇਸ ਸਬੰਧੀ ਦੋ ਵਾਰ ਲਿਖ ਕੇ ਦੇ ਚੁੱਕੇ ਹਨ। ਉਨ੍ਹਾਂ ਕਿਹਾ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਲਦੀ ਹੀ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਮਿਲ ਕੇ ਇਲਾਕਾ ਨਿਵਾਸੀਆਂ ਦੀ ਇਹ ਸਮੱਸਿਆ ਨੂੰ ਹੱਲ ਕਰਨਗੇ। ਇਸ ਮੌਕੇ ਕਰਨੈਲ ਸਿੰਘ, ਨਿਰਮਲ ਸਿੰਘ, ਲਖਵਿੰਦਰ ਸਿੰਘ, ਹਰਜੀਤ ਸਿੰਘ ਮੌਜੂਦ ਸਨ।