ਆਤਿਸ਼ ਗੁਪਤਾ
ਚੰਡੀਗੜ੍ਹ, 22 ਸਤੰਬਰ
ਪੰਜਾਬ ਵਿੱਚ ਮੌਨਸੂਨ ਆਪਣੇ ਆਖ਼ਰੀ ਪੜਾਅ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ ਪਰ ਐਤਕੀਂ ਦੇਸ਼ ਭਰ ਵਿੱਚ ਮੌਨਸੂਨ ਆਮ ਨਾਲੋਂ ਘੱਟ ਵਰ੍ਹਿਆ। ਇਸੇ ਤਰ੍ਹਾਂ ਪੰਜਾਬ ਵਿੱਚ ਵੀ ਮੌਨਸੂਨ ਦੌਰਾਨ ਔਸਤ ਨਾਲੋਂ 27 ਫ਼ੀਸਦ ਘੱਟ ਮੀਂਹ ਪਏ ਜਦਕਿ ਸਤੰਬਰ ਮਹੀਨੇ ਦੌਰਾਨ ਪੰਜਾਬ ਵਿੱਚ ਆਮ ਨਾਲੋਂ 39 ਫ਼ੀਸਦ ਘੱਟ ਮੀਂਹ ਪਿਆ ਹੈ। ਮੌਨਸੂਨ ਦਾ ਦੇਰੀ ਨਾਲ ਆਉਣਾ ਤੇ ਘੱਟ ਮੀਂਹ ਪੈਣਾ ਵੀ ਮੌਸਮ ਵਿਗਿਆਨੀਆਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਘੱਟ ਮੀਂਹ ਪੈ ਰਹੇ ਹਨ ਜੋ ਵਾਤਾਵਰਨ ਤੇ ਖੇਤੀਬਾੜੀ ਲਈ ਘਾਤਕ ਹੈ। ਪੰਜਾਬ ਵਿੱਚ ਘੱਟ ਮੀਂਹ ਪੈਣ ਕਰਕੇ ਕਿਸਾਨਾਂ ਨੂੰ ਕੁਦਰਤੀ ਪਾਣੀ ਦੀ ਥਾਂ ਧਰਤੀ ਹੇਠਲੇ ਪਾਣੀ ’ਤੇ ਨਿਰਭਰ ਕਰਨਾ ਪਿਆ ਹੈ। ਦੂਜੇ ਪਾਸੇ ਮੌਨਸਨ ਦੇ ਮੱਠਾ ਰਹਿਣ ਕਰਕੇ ਇਸ ਵਾਰ ਗਰਮੀ ਵੀ ਸਿਖਰ ’ਤੇ ਪਹੁੰਚ ਗਈ ਸੀ ਜਿਸ ਕਾਰਨ ਬਿਜਲੀ ਦੀ ਮੰਗ ਵੀ ਇਸ ਵਾਰ ਰਿਕਾਰਡ 16 ਹਜ਼ਾਰ ਮੈਗਾਵਾਟ ਤੋਂ ਵੱਧ ਪਹੁੰਚ ਗਈ ਸੀ।
ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ 1 ਸਤੰਬਰ ਤੋਂ 22 ਸਤੰਬਰ ਤੱਕ 35.7 ਐੱਮਐੱਮ ਮੀਂਹ ਪਿਆ ਹੈ ਜਦਕਿ ਆਮ ਤੌਰ ’ਤੇ ਇਸ ਸਮੇਂ ਦੌਰਾਨ 58.8 ਐੱਮਐੱਮ ਮੀਂਹ ਪੈਂਦਾ ਹੈ। ਇਸ ਤਰ੍ਹਾਂ ਸਤੰਬਰ 2024 ਵਿੱਚ ਆਮ ਨਾਲੋਂ 39 ਫ਼ੀਸਦ ਘੱਟ ਮੀਂਹ ਪਿਆ ਹੈ। ਮੌਸਮ ਵਿਗਿਆਨੀਆਂ ਅਨੁਸਾਰ ਪੰਜਾਬ ਦੇ ਕਪੂਰਥਲਾ ਸ਼ਹਿਰ ਵਿੱਚ ਸਤੰਬਰ ਮਹੀਨੇ ਸਭ ਤੋਂ ਘੱਟ ਮੀਂਹ ਪਿਆ ਹੈ ਜਿੱਥੇ ਸਿਰਫ਼ 5.3 ਐੱਮਐੱਮ ਮੀਂਹ ਪਿਆ ਜੋ ਔਸਤ ਨਾਲੋਂ 93 ਫ਼ੀਸਦ ਘੱਟ ਹੈ। ਇਸੇ ਤਰ੍ਹਾਂ ਹੁਸ਼ਿਆਰਪੁਰ ਵਿੱਚ 88 ਫ਼ੀਸਦ ਘੱਟ 9 ਐੱਮਐੱਮ ਮੀਂਹ ਪਿਆ, ਅੰਮ੍ਰਿਤਸਰ ਵਿੱਚ 78 ਫੀਸਦੀ 12.3 ਐੱਮਐੱਮ, ਬਰਨਾਲਾ ਵਿੱਚ 77 ਫ਼ੀਸਦ ਘੱਟ 11 ਐੱਮਐੱਮ, ਮਾਨਸਾ ਵਿੱਚ 73 ਫ਼ੀਸਦ ਘੱਟ 9.2 ਐੱਮਐੱਮ, ਮੋਗਾ ਵਿੱਚ 63 ਫ਼ੀਸਦ ਘੱਟ 16.2 ਐੱਮਐੱਮ, ਬਠਿੰਡਾ ਵਿੱਚ 61 ਫ਼ੀਸਦ ਘੱਟ 14.7 ਐੱਮਐੱਮ ਮੀਂਹ ਪਿਆ ਹੈ। ਇਸੇ ਤਰ੍ਹਾਂ ਗੁਰਦਾਸਪੁਰ ’ਚ 26.5 ਤੇ ਸੰਗਰੂਰ ਵਿੱਚ 25.8 ਐੱਮਐੱਮ ਮੀਂਹ ਪਿਆ ਹੈ। ਇਹ ਆਮ ਨਾਲੋਂ 56 ਫ਼ੀਸਦ ਘੱਟ ਹੈ। ਜਲੰਧਰ ਵਿੱਚ 55 ਫ਼ੀਸਦ ਘੱਟ 33.1 ਐੱਮਐੱਮ, ਨਵਾਂ ਸ਼ਹਿਰ ਵਿੱਚ 35 ਫ਼ੀਸਦ ਘੱਟ 64.9 ਐੱਮਐੱਮ, ਫਾਜ਼ਿਲਕਾ ਵਿੱਚ 25 ਫ਼ੀਸਦ ਘੱਟ 24.2 ਐੱਮਐੱਮ, ਲੁਧਿਆਣਾ ਵਿੱਚ ਫ਼ੀਸਦ ਘੱਟ 50.6 ਐੱਮਐੱਮ, ਪਠਾਨਕੋਟ ਵਿੱਚ 22 ਫ਼ੀਸਦ ਘੱਟ 70 ਐੱਮਐੱਮ, ਰੂਪਨਗਰ ਵਿੱਚ 11 ਫ਼ੀਸਦ ਘੱਟ 98.2 ਐੱਮਐੱਮ, ਮੁਹਾਲੀ ਵਿੱਚ 8 ਫ਼ੀਸਦ ਘੱਟ 88.1 ਐੱਮਐੱਮ ਮੀਂਹ ਪਿਆ ਹੈ। ਮੌਸਮ ਵਿਭਾਗ ਅਨੁਸਾਰ ਫਰੀਦਕੋਟ, ਫਤਿਹਗੜ੍ਹ ਸਾਹਿਬ, ਮੁਕਤਸਰ ਅਤੇ ਤਰਨਤਾਰਨ ਵਿੱਚ ਆਮ ਨਾਲੋਂ ਵੱਧ ਮੀਂਹ ਪਿਆ ਹੈ। ਜਦੋਂ ਕਿ ਪਟਿਆਲਾ ਸ਼ਹਿਰ ਵਿੱਚ ਆਮ ਦੇ ਬਰਾਬਰ 82.8 ਐੱਮਐੱਮ ਮੀਂਹ ਪਿਆ ਹੈ।